ਸਿੰਘੂ ਬਾਰਡਰ, 22 ਦਸੰਬਰ 2020 – ਬੀਜੇਪੀ ਪੰਜਾਬ ਵੱਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਪਾਈ ਪੋਸਟ ‘ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ। ਜਿਸ ‘ਤੇ ਵਿਵਾਦ ਖੜਾ ਹੋ ਗਿਆ ਹੈ। ਅਸਲ ‘ਚ ਬੀਜੇਪੀ ਪੰਜਾਬ ਵੱਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਜਿਸ ਕਿਸਾਨ ਦੀ ਫੋਟੋ ਪਾਈ ਗਈ ਹੈ, ਉਹ ਕਿਸਾਨ ਖੁਦ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ‘ਚ ਸ਼ਾਮਿਲ ਹੈ।
ਅਸਲ ‘ਚ ਬੀਤੀ ਸ਼ਾਮ ਸਾਢੇ 7 ਕੁ ਵਜੇ ਬੀ. ਜੇ. ਪੀ. ਪੰਜਾਬ ਵਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਪਾਈ ਪੋਸਟ ‘ਚ ਲਿਖਿਆ ਗਿਆ ਸੀ ਕਿ ”ਇਸ ਸਾਉਣੀ ਦੇ ਸੀਜ਼ਨ ‘ਚ ਐਮ. ਐਸ. ਪੀ. ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ, ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮ. ਐਸ. ਪੀ. ਦੀ ਕੀਮਤ ‘ਤੇ ਖ਼ਰੀਦਿਆ ਹੈ। ਖ਼ਰੀਦ ਦਾ 49% ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁੱਝ ਤਾਕਤਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਆਪਣਾ ਏਜੰਡਾ ਚਲਾ ਰਹੀਆਂ ਹਨ।”
ਜਿਸ ਤੋਂ ਬਾਅਦ ਹਾਰਪ ਫਾਰਮਰ ਨੇ ਕਿਹਾ ਕਿ ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ ਹੈ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ ‘ਚ ਸਿੰਘੂ ਮੋਰਚੇ ‘ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਪੋਸਟ ‘ਤੇ ਲੋਕਾਂ ਵੱਲੋਂ ਬਗ਼ੈਰ ਕਿਸੇ ਘੋਖ-ਪੜਤਾਲ ਕੀਤੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਉਨ੍ਹਾਂ ਮਨ ਨੂੰ ਠੇਸ ਪਹੁੰਚੀ ਹੈ। ਜਿਸ ਤੋਂ ਬਾਅਦ ਹਾਰਪ ਨੇ ਪੋਸਟ ਪਾ ਕੇ ਕਿਹਾ ਕਿ, “ਬੇਸ਼ਰਮੀ ਦੀ ਕੋਈ ਹੱਦ ਹੁੰਦੀ ਐ, ਪਰ ਲੱਗਦਾ ਇਹਨਾਂ ਕੋਲ ਜੀਓ ਦੇ ਅਨਲਿਮਟਡ ਇੰਟਰਨੈਟ ਵਾਂਗ ਇਹਨਾਂ ਕੋਲ ਬੇਸ਼ਰਮੀ ਵੀ ਅਨਲਿਮਟਡ ਹੈ, ਇਹਨਾਂ ਨੂੰ ਦੱਸੋ ਕਿ ਇਹਨਾਂ ਦਾ ‘ਭਾਪਾ ਤਾਂ ਸਿੰਘੂ ਬੈਠਾ”!