ਲੁਧਿਆਣਾ, 13 ਜੂਨ 2022 – ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਵਿਰੋਧ ਵਿੱਚ ਭਾਜਪਾ ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਣ ਜਾ ਰਹੀ ਹੈ। ਅੱਜ ਸ਼ਾਮ ਭਾਜਪਾ ਦਫ਼ਤਰ ਘੰਟਾ ਘਰ ਦੇ ਬਾਹਰ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਦੂਜੇ ਪਾਸੇ ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਵੱਲੋਂ ਪਹਿਲਾਂ ਹੀ 31 ਜੁਲਾਈ ਤੱਕ ਧਾਰਾ 144 ਲਾਗੂ ਕੀਤੀ ਹੋਈ ਸੀ। ਇਸ ਤਹਿਤ ਸ਼ਹਿਰ ਵਿੱਚ 5 ਜਾਂ 5 ਤੋਂ ਵੱਧ ਲੋਕ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਅਜਿਹੇ ‘ਚ ਅੱਜ ਭਾਜਪਾ ਦੇ ਧਰਨੇ ਦੌਰਾਨ ਇਸ ਹੁਕਮ ਦੀ ਪਾਲਣਾ ਕਿਸ ਤਰ੍ਹਾਂ ਹੋਵੇਗੀ, ਇਹ ਦੇਖਣਾ ਹੋਵੇਗਾ।
ਕਿਉਂਕਿ ਧਾਰਾ 144 ਲਾਗੂ ਹੋਣ ਦੇ ਬਾਵਜੂਦ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਤਵਾਰ ਦੇਰ ਸ਼ਾਮ ਦਰੇਸੀ ਮੈਦਾਨ ਵਿੱਚ ਰੈਲੀ ਕੀਤੀ। ਧਾਰਾ 144 ਦੇ ਮਾਮਲੇ ਵਿੱਚ ਭਾਜਪਾ ਦੇ ਸੂਬਾ ਪੱਧਰੀ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਅਸੀਂ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਾਂਗੇ।
ਅਸ਼ਵਨੀ ਸ਼ਰਮਾ ਨੇ ਰੈਲੀ ਵਿੱਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਹਦਾਇਤ ਵੀ ਕੀਤੀ ਸੀ ਕਿ ਅੱਜ ਜਾਗੋ ਮਾਨ ਮੁਹਿੰਮ ਤਹਿਤ ਪੁਤਲੇ ਫੂਕੇ ਮੁਜ਼ਾਹਰੇ ਕੀਤੇ ਜਾਣ। ਇਸੇ ਤਹਿਤ ਅੱਜ ਲੁਧਿਆਣਾ ਵਿੱਚ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਜਾ ਰਿਹਾ ਹੈ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਡੀਸੀ ਸੁਰਭੀ ਮਲਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ ਕਿ ਅੱਜ ਭਾਜਪਾ ਧਰਨੇ ’ਤੇ ਬੈਠਣ ਜਾ ਰਹੀ ਹੈ। ਮੈਨੂੰ ਹੁਣ ਮਾਮਲੇ ਦੀ ਜਾਂਚ ਕਰਵਾਉਣ ਦਿਓ।