ਚੰਡੀਗੜ੍ਹ: 12 ਫਰਵਰੀ 2022 – ਭਾਰਤੀ ਜਨਤਾ ਪਾਰਟੀ ਨੇ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਆਪਸ ਵਿੱਚ ਮੁਕਾਬਲਾ ਕਰਦਿਆਂ ਪਾਰਟੀ ਦੀਆਂ ਟਿਕਟਾਂ ਵੇਚਣ ਤੇ ਆਲੋਚਨਾ ਕੀਤੀ ਹੈ। ਭਾਜਪਾ ਨੇ ਕਿਹਾ ਕਿ ਇਹ ਖੁਲਾਸਾ ਕਿਸੇ ਬਾਹਰੀ ਵਿਅਕਤੀ ਨੇ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਆਗੂਆਂ ਨੇ ਕੀਤਾ ਹੈ।
ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਜੋ ਵੀ ਗਲਤ ਹੁੰਦਾ ਹੈ, ਉਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਰ ਚਾਹੇ ਉਹ ਫਿਰਕਾਪ੍ਰਸਤੀ ਹੋਵੇ ਜਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਅੰਦਰਲਾ ਭ੍ਰਿਸ਼ਟਾਚਾਰ, ਜਿਸ ਦਾ ਖੁਲਾਸਾ ਇਨ੍ਹਾਂ ਦੇ ਆਗੂਆਂ ਨੇ ਕੀਤਾ ਹੈ।
ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਹੁਣ ਇਸ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ ਅਤੇ ਹੁਣ ਇਕ ਹੋਰ ਸੀਨੀਅਰ ਆਗੂ ਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨੇ ਵੀ ਰਿਕਾਰਡ ’ਤੇ ਅਜਿਹੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ ਕਿ ਕਰੋੜਾਂ ਰੁਪਏ ਦੀ ਮੋਟੀ ਰਕਮ ਦੇ ਕੇ ਟਿਕਟ ਖਰੀਦਣ ਵਾਲਾ ਵਿਅਕਤੀ ਜਿੱਤਣ ਤੋਂ ਬਾਅਦ ਇਮਾਨਦਾਰ ਹੋਵੇਗਾ।
ਸ਼ੇਖਾਵਤ ਨੇ ਆਮ ਆਦਮੀ ਪਾਰਟੀ ‘ਤੇ ਟਿਕਟਾਂ ਜਾਰੀ ਕਰਨ ‘ਚ ਭ੍ਰਿਸ਼ਟਾਚਾਰ ਦੀ ਬਰਾਬਰੀ ਲਈ ਵੀ ਆਲੋਚਨਾ ਕੀਤੀ। ਇਸ ਦੇ ਲਈ ਉਨ੍ਹਾਂ ਫਿਰੋਜ਼ਪੁਰ ਦੇਹਟੀ ਤੋਂ ਪਾਰਟੀ ਦੇ ਸਾਬਕਾ ਉਮੀਦਵਾਰ ਆਸ਼ੂ ਬੰਗੜ, ਜੋ ਬਾਅਦ ‘ਚ ਕਾਂਗਰਸ ‘ਚ ਸ਼ਾਮਲ ਹੋਏ ਸਨ, ਦਾ ਹਵਾਲਾ ਦਿੱਤਾ ਅਤੇ ਦੋਸ਼ ਲਗਾਇਆ ਕਿ ‘ਆਪ’ ਨੇ ਉਨ੍ਹਾਂ ਤੋਂ ਅਤੇ ਜਲੰਧਰ ਦੇ ‘ਆਪ’ ਆਗੂਆਂ ‘ਤੇ ਰਾਘਵ ਚੱਢਾ ‘ਤੇ ਟਿਕਟਾਂ ਬਦਲੇ ਪੈਸੇ ਲੈਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਵੇਚਦੇ ਹੋਏ ਬਦਲਾਅ ਅਤੇ ਸਾਫ਼-ਸੁਥਰੀ ਸਰਕਾਰ ਦਾ ਦਾਅਵਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਅਪਣਾ ਕੇ ਸਾਫ਼ ਸੁਥਰਾ ਰਿਕਾਰਡ ਰੱਖਿਆ ਹੈ। ਉਨ੍ਹਾਂ ਨੇ ਕਾਂਗਰਸ ਅਤੇ ‘ਆਪ’ ਨੂੰ ਇਨ੍ਹਾਂ ਦੋਸ਼ਾਂ ‘ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।