- 4 ਨੂੰ ਸਾਹਜਪੁਰ ਬਾਰਡਰ ਤੇ ਪੁੱਜੇਗਾ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ
ਦਿੱਲੀ 30 ਦਸੰਬਰ 2020 – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ 2 ਜਨਵਰੀ ਨੂੰ ਇੱਕ ਹਜ਼ਾਰ ਦੇ ਕਰੀਬ ਟਰੈਕਟਰਾਂ ਦੇ ਉੱਤੇ ਹਜ਼ਾਰਾਂ ਕਿਸਾਨਾਂ ਵੱਲੋਂ ਹਰਿਆਣਾ ਦੇ ਪਿੰਡਾਂ ‘ਚ ਮਾਰਚ ਕਰਦੇ ਹੋਏ ਸਾਹਜਪੁਰ ਬਾਰਡਰ ਤੱਕ ਮਾਰਚ ਕੀਤਾ ਜਾਵੇਗਾ। ਇਹ ਐਲਾਨ ਅੱਜ ਟਿੱਕਰੀ ਬਾਰਡਰ ‘ਤੇ ਲੱਗੀ ਸਟੇਜ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਇਹ ਮਾਰਚ ਹਰਿਆਣਾ ਦੇ ਪਿੰਡਾਂ ਵਿੱਚ ਪੜਾਅ ਕਰਦਾ ਹੋਇਆ 4 ਦਸੰਬਰ ਨੂੰ ਸਾਹਜਪੁਰ ਬਾਰਡਰ ਦੇ ਉੱਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਲਾਏ ਮੋਰਚੇ ‘ਚ ਸ਼ਮੂਲੀਅਤ ਕਰੇਗਾ।
ਉਹਨਾਂ ਆਖਿਆ ਕਿ 2 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਮਾਰਚ ਹਰਿਆਣਾ ਕਿਸਾਨਾਂ ਦੀ ਲਾਮਬੰਦੀ ਨੂੰ ਵਧਾਉਣ ਦਾ ਵੀ ਸਾਧਨ ਬਣੇਗਾ । ਉਹਨਾਂ ਹਰਿਆਣਾ ਦੇ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮਾਰਚ ਦਾ ਹਿੱਸਾ ਬਣਨ।
ਯੂਨੀਅਨ ਦੇ ਸੂਬਾਈ ਆਗੂ ਜਨਕ ਸਿੰਘ ਭੁਟਾਲ ਨੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਭਾਰਤੀ ਹਾਕਮਾਂ ਵੱਲੋਂ ਅਪਣਾਈਆਂ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਅਖੌਤੀ ਨੀਵੀਆਂ ਆਰਥਿਕ ਨੀਤੀਆਂ ਦੀ ਧੁੱਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਨਤੀਜਾ ਹਨ। ਉਹਨਾਂ ਦੋਸ਼ ਲਾਇਆ ਕਿ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨ ਤੇ ਖੇਤ ਮਜ਼ਦੂਰ ਆਏ ਦਿਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਮੌਜੂਦਾ ਕਾਨੂੰਨ ਖੇਤੀ ਸੰਕਟ ਨੂੰ ਹੋਰ ਡੂੰਘਾ ਤੇ ਤੇਜ਼ ਕਰਨ ਦਾ ਸਾਧਨ ਬਣਨਗੇ। ਉਹਨਾਂ ਆਖਿਆ ਕਿ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ, ਪੱਲੇਦਾਰਾਂ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੀਆਂ ਹਿੱਤਾਂ ਨੂੰ ਵੀ ਭਾਰੀ ਸੱਟ ਮਾਰਨਗੇ ਇਸ ਲਈ ਇਹਨਾਂ ਨੂੰ ਰੱਦ ਕਰਾਉਣਾ ਸਮੁੱਚੇ ਦੇਸ਼ ਦੇ ਹਿੱਤ ਵਿੱਚ ਹੈ।
ਇਸ ਮੌਕੇ ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ, ਜਸਵਿੰਦਰ ਸਿੰਘ, ਪਰਮਜੀਤ ਕੌਰ ਕੋਟੜਾ, ਜਗਪ੍ਰੀਤ ਸਿੰਘ ਈ ਟੀ ਟੀ ਟੈਟ ਪਾਸ ਟੀਚਰ ਯੂਨੀਅਨ, ਖੁਸ਼ਵੰਤ ਸਿੰਘ ਬਰਗਾੜੀ ਪ੍ਰਧਾਨ ਪੀਪਲਜ਼ ਫੋਰਮ ਬਰਗਾੜੀ, ਸੂਫ਼ੀ ਗਾਇਕ ਸਰਦਾਰ ਅਲੀ ਮਲੇਰਕੋਟਲਾ ਤੇ ਜੋਨੀ ਦਿੱਲੀ, ਮਨਜੀਤ ਸਿੰਘ ਘਰਾਚੋਂ, ਕੁਲਦੀਪ ਸਿੰਘ, ਸੁਖਦੇਵ ਸਿੰਘ,ਸਾਧੂ ਸਿੰਘ ਪੰਜੇਟਾ ਜੁਗਰਾਜ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।