ਬਰਨਾਲਾ, 6 ਅਗਸਤ 2025 – ਬਰਨਾਲਾ ਵਿਚ ਇੱਕ ਵੱਡੀ ਘਟਨਾ ਵਾਪਰੀ ਹੈ। ਬਰਨਾਲਾ ਦੇ ਇਕ ਪ੍ਰਾਚੀਨ ਮੰਦਰ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਦਰ ਵਿਚ ਲੰਗਰ ਤਿਆਰ ਕਰਨ ਦੌਰਾਨ ਅਚਾਨਕ ਬਲਾਸਟ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਇਸ ਦੌਰਾਨ ਕਈ ਲੋਕ ਅੱਗ ਦੀ ਲਪੇਟ ‘ਚ ਆ ਕੇ ਜ਼ਖਮੀ ਹੋ ਗਏ।
ਇਹ ਅੱਗ ਧਨੌਲਾ ਦੇ ਪੁਰਾਣੇ ਹਨੂਮਾਨ ਮੰਦਰ ਕੰਪਲੈਕਸ ‘ਚ ਬਲਾਸਟ ਤੋਂ ਬਾਅਦ ਲੱਗੀ ਹੈ। ਇਸ ਮੰਦਰ ਵਿਚ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਧਮਾਕੇ ਮਗਰੋਂ ਲੰਗਰ ਵਾਲੀ ਥਾਂ ਉੱਤੇ ਅੱਗ ਲੱਗ ਗਈ। ਇਸ ਦੌਰਾਨ ਕੁੱਲ 16 ਜਣਿਆਂ ਦੇ ਝੁਲਸਣ ਦੀ ਖਬਰ ਹੈ, ਜਿਨ੍ਹਾਂ ਵਿਚੋਂ 6 ਜਣੇ ਗੰਭੀਰ ਦੱਸੇ ਜਾ ਰਹੇ ਹਨ। ਜ਼ਖਮੀਆਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਧਨੌਲਾ ਵਿੱਜ ਦਾਖ਼ਲ ਕਰਵਾਇਆ ਗਿਆ ਅਤੇ ਕੁਝ ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਫ਼ਰੀਦਕੋਟ ਅਤੇ ਬਰਨਾਲਾ ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੰਦਰ ਵਿੱਚ ਪਹੁੰਚ ਗਈ ਸੀ।
ਘਟਨਾ ਮੰਗਲਵਾਰ ਦੀ ਹੈ। ਜਾਣਕਾਰੀ ਅਨੁਸਾਰ ਹਰ ਮੰਗਲਵਾਰ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਲੰਗਰ ਲਾਇਆ ਜਾਂਦਾ ਹੈ। ਅੱਜ ਲੰਗਰ ਬਰਨਾਲਾ ਦੇ ਕਿਸੇ ਸਰਧਾਲੂ ਵੱਲੋਂ ਲਾਇਆ ਗਿਆ ਸੀ। ਮੰਦਰ ’ਚ ਕਾਫੀ ਭੀੜ ਹੋਣ ਕਾਰਨ ਜਦੋਂ ਸਿਲੰਡਰ ਫਟਿਆ ਤਾਂ ਇਕਦਮ ਚੀਕ ਚਿਹਾੜਾ ਪੈ ਗਿਆ।

