ਸ੍ਰੀ ਮੁਕਤਸਰ ਸਾਹਿਬ, 19 ਮਈ 2022 – ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿੱਚ ਬੰਦ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਾਂ ਦੇ ਵਾਸੀ ਬਲਵਿੰਦਰ ਸਿੰਘ ਦੀ ਰਿਹਾਈ ਲਈ ਉਸ ਦੇ ਰੈਸਕਿਊ ਅਕਾਊਂਟ ਵਿੱਚ 2 ਕਰੋੜ ਰੁਪਏ ਦੀ ਬਲੱਡ ਮਨੀ ਟਰਾਂਸਫਰ ਹੋ ਗਈ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਵੀਰਵਾਰ ਨੂੰ ਰਿਆਦ ਦੀ ਅਦਾਲਤ ‘ਚ ਹੋਣ ਜਾ ਰਹੀ ਹੈ। ਹੁਣ ਪਰਿਵਾਰ ਨੂੰ ਆਸ ਹੈ ਕਿ ਅਦਾਲਤ ਬਲਵਿੰਦਰ ਦੀ ਰਿਹਾਈ ਸਬੰਧੀ ਕੋਈ ਫੈਸਲਾ ਦੇ ਸਕਦੀ ਹੈ।
ਦੱਸ ਦਈਏ ਕਿ ਸਾਲ 2013 ‘ਚ ਸਾਊਦੀ ਅਰਬ ਦੇ ਇਕ ਨੌਜਵਾਨ ਬਲਵਿੰਦਰ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ, ਜੋ ਕਿ 2008 ‘ਚ ਕੰਮ ਦੀ ਤਲਾਸ਼ ‘ਚ ਗਿਆ ਸੀ। ਪੀੜਤ ਪਰਿਵਾਰ ਦੀ ਸਹਿਮਤੀ ਨਾਲ ਅਦਾਲਤ ਨੇ 15 ਮਈ ਤੱਕ 2 ਕਰੋੜ ਰੁਪਏ ਦੀ ਬਲੱਡ ਮਨੀ ਦੇਣ ਦਾ ਹੁਕਮ ਦਿੱਤਾ ਸੀ, ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਬਲਵਿੰਦਰ ਦੇ ਪਰਿਵਾਰ ਵੱਲੋਂ ਦੇਸ਼-ਵਿਦੇਸ਼ ਦੇ ਲੋਕਾਂ, ਸਮਾਜ ਸੇਵੀਆਂ, ਸ਼੍ਰੋਮਣੀ ਕਮੇਟੀ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ 15 ਮਈ ਤੋਂ ਪਹਿਲਾਂ ਹੀ 2 ਕਰੋੜ ਰੁਪਏ ਦੀ ਬਲੱਡ ਮਨੀ ਦਾ ਪ੍ਰਬੰਧ ਕੀਤਾ ਗਿਆ ਸੀ।
ਸਾਊਦੀ ਅਰਬ ਦੀ ਅਦਾਲਤ ਨੇ ਬਲੱਡ ਮਨੀ ਖਾਤੇ ‘ਚ ਦੋ ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੰਦੇ ਹੋਏ ਸੁਣਵਾਈ ਦੀ ਤਰੀਕ 19 ਮਈ ਤੈਅ ਕੀਤੀ ਹੈ। ਬਲਵਿੰਦਰ ਦੇ ਚਚੇਰੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ 2 ਕਰੋੜ ਰੁਪਏ ਦੀ ਸਾਰੀ ਬਲੱਡ ਮਨੀ ਟਰਾਂਸਫਰ ਹੋ ਚੁੱਕੀ ਹੈ। 19 ਮਈ ਨੂੰ ਅਦਾਲਤ ਬੈਂਕ ਦੇ ਖਾਤੇ ਦੀ ਸਟੇਟਮੈਂਟ ਲੈ ਕੇ ਮਾਮਲੇ ਦੀ ਸੁਣਵਾਈ ਕਰੇਗੀ। ਪਰਿਵਾਰ ਵੱਲੋਂ ਬਲਵਿੰਦਰ ਸਿੰਘ ਨੂੰ ਉਸ ਦੇ ਪਿੰਡ ਮੱਲਣ ਵਾਪਸ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।