- ਮਾਮਲਾ ਪਤੀ ਵੱਲੋਂ ਪਤਨੀ ਅਤੇ 4 ਦਿਨਾਂ ਦੇ ਬੱਚੇ ਨੂੰ ਠੰਡ ਵਿੱਚ ਵਿਹੜੇ ਚ ਪਾਉਣ ਦਾ
- 4 ਦਿਨਾਂ ਦੇ ਬੱਚੇ ਦੀ ਹੋ ਗਈ ਸੀ ਮੌਤ
ਜਲੰਧਰ, 6 ਜਨਵਰੀ 2024 – ਕੁਝ ਦਿਨ ਪਹਿਲਾਂ ਫਿਲੌਰ ਦੇ ਪਿੰਡ ਚੱਕ ਸਾਹਬੂ ਵਿਖੇ ਸੰਗੀਤਾ ਨਾਮਕ ਇੱਕ ਮਹਿਲਾ ਨੇ ਆਪਣੇ 4 ਦਿਨਾਂ ਦੇ ਪੁੱਤਰ ਦੀ ਮੌਤ ਹੋਣ ਦਾ ਅਤੇ ਉਸ ਉਪਰ ਅੱਤਿਆਚਾਰ ਕਰਨ ਦਾ ਦੋਸ਼ ਆਪਣੇ ਪਤੀ ਜੀਤੂ ਤੇ ਲਗਾਇਆ ਸੀ। ਉਸਦਾ ਕਹਿਣਾ ਸੀ ਕਿ ਉਸਦੇ ਪਤੀ ਨੇ ਕੁਝ ਦਿਨ ਪਹਿਲਾਂ ਨਵਜਨਮੇ ਚਾਰ ਦਿਨ ਦੇ ਪੁੱਤਰ ਅਤੇ ਉਸਨੂੰ ਕੜਕਦੀ ਠੰਢ ਵਿੱਚ ਬਾਹਰ ਵਰਾਂਡੇ ਵਿੱਚ ਪਾ ਦਿੱਤਾ ਸੀ ਅਤੇ ਉਸ ਦੀ ਕੁਟਮਾਰ ਕੀਤੀ ਸੀ ਅਤੇ ਖਾਣ ਨੂੰ ਕੁੱਝ ਨਹੀਂ ਦਿੱਤਾ ਸੀ। ਜਿਸ ਕਾਰਨ ਨਵਜੰਮੇ ਚਾਰ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਸੀ।
ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਦੇ ਨਾਲ ਅਦਾਲਤ ਵਿੱਚ ਵਿੱਚ ਬੱਚੇ ਦੀ ਮੌਤ ਦਾ ਕਾਰਨ ਜਾਨਣ ਲਈ ਇੱਕ ਦਰਖਾਸਤ ਦਾਖਲ ਕੀਤੀ ਸੀ। ਜਿਸ ‘ਤੇ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਕਬਰਿਸਤਾਨ ਵਿਖੇ ਜ਼ਮੀਨ ਵਿੱਚ ਦਫ਼ਨ ਕੀਤੀ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ, ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆ ਅੱਪਰਾ ਪੁਲਿਸ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ.ਨਕੋਦਰ ਅਤੇ ਹੋਰਨਾਂ ਪ੍ਰਸ਼ਾਸਨਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖਿਆ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਦਾ ਪਤੀ ਹਾਲੇ ਪੁਲਿਸ ਦੀ ਗਿਰਫ਼ਤ ਚੋਂ ਬਾਹਰ ਹੈ, ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ।