- ਪੁਲੀਸ ਨੇ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕੀਤੀ ਸ਼ੁਰੂ
ਅੰਮ੍ਰਿਤਸਰ, 12 ਅਗਸਤ 2022 – ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਕੰਪਲੈਕਸ ‘ਚ ਇਕ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਲਾਸ਼ ਹਰਿਮੰਦਰ ਸਾਹਿਬ ਕੰਪਲੈਕਸ ਦੇ ਘੰਟਾ ਘਰ ਦੇ ਬਾਹਰ ਪਲਾਜ਼ੇ ਵਿੱਚ ਪਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਜੀਪੀਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲਾਸ਼ ਘੰਟਾ ਘਰ ਦੇ ਦਰਵਾਜ਼ੇ ਵਾਲੇ ਪਾਸੇ ਪਲਾਜ਼ੇ ਵਿੱਚ ਪਈ ਸੀ। ਲਾਸ਼ ਨੂੰ ਦੇਖ ਕੇ ਕਿਸੇ ਨੇ ਇਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਦਫਤਰ ਨੂੰ ਦਿੱਤੀ। ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਹੈ, ਜਿੱਥੇ ਇਸ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ। ਪੁਲਿਸ ਨੇ ਲੜਕੀ ਦੀ ਪਹਿਚਾਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਰਿਮੰਦਰ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਔਰਤ ਨੂੰ ਬੱਚੀ ਨੂੰ ਪਲਾਜ਼ੇ ‘ਚ ਛੱਡਣ ਵਾਲੀ ਮਹਿਲਾ ਦੀ ਤਸਵੀਰ ਵੀ ਕੈਦ ਹੋ ਗਈ ਹੈ। ਔਰਤ ਬੱਚੇ ਨੂੰ ਗੋਦੀ ‘ਚ ਚੁੱਕ ਕੇ ਘੁੰਮਦੀ ਨਜ਼ਰ ਆ ਰਹੀ ਹੈ। ਲੜਕੀ ਨੂੰ ਪਲਾਜ਼ੇ ‘ਚ ਛੱਡਣ ਤੋਂ ਬਾਅਦ ਔਰਤ ਹੱਥ ਵਿੱਚ ਸੂਟਕੇਸ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਲਾਸ਼ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਕੋਲ ਹੱਥ ਧੋਣ ਵਾਲੀ ਥਾਂ ਕੋਲ ਪਈ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕੁੜੀ ਸੁੱਤੀ ਪਈ ਹੋਵੇ। ਲੜਕੀ ਚੰਗੀ ਘਰ ਦੀ ਲੱਗਦੀ ਹੈ ਅਤੇ ਉਸ ਦੇ ਸਰੀਰ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਪੁਲਸ ਲੜਕੀ ਦੇ ਪਰਿਵਾਰ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।