ਦੀਨਾਨਗਰ, 12 ਅਗਸਤ 2025 – ਅੱਜ ਸਵੇਰੇ ਤੜਕਸਾਰ ਸਰਹੱਦੀ ਖੇਤਰ ਦੇ ਪੁਲਸ ਸਟੇਸ਼ਨ ਦੋਰਾਂਗਲਾ ਅਧੀਨ ਆਉਂਦੇ ਪਿੰਡ ਦਬੂੜੀ ਦੇ ਕਬਰਿਸਤਾਨ ਤੋਂ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ। ਜਾਣਕਾਕੀ ਮੁਤਾਬਕ ਨੌਜਵਾਨ ਦੀ ਲਾਸ਼ ਕਬਰਿਸਤਾਨ ‘ਚੋਂ ਮਿਲੀ, ਜਿਸ ਕਾਰਨ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਥਾਣਾ ਦੋਰਾਂਗਲਾ ਦੇ ਐੱਸ. ਐੱਚ. ਓ. ਬਨਾਰਸੀ ਦਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਦਬੂੜੀ ਦੇ ਕਬਰਿਸਤਾਨ ‘ਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਸ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।
ਇਸ ਸਬੰਧੀ ਜਾਂਚ ਪੜਤਾਲ ਤੋਂ ਨੌਜਵਾਨ ਦੀ ਪਹਿਚਾਣ ਗਗਨਦੀਪ ਸਿੰਘ (26) ਵਾਸੀ ਖੋਖਰ ਰਾਜਪੂਤਾਂ ਵਜੋਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਦੋਵੇਂ ਪਿਓ-ਪੁੱਤਰ ਹੀ ਘਰ ‘ਚ ਰਹਿ ਰਹੇ ਸੀ । ਪੁਲਸ ਨੇ ਕਿਹਾ ਪੋਸਟਮਾਰਟਮ ਹੋਣ ਉਪਰੰਤ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਸ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਇਸ ਸਬੰਧੀ ਜਦ ਨੌਜਵਾਨ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੱਲ ਸ਼ਾਮ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਰਾਤ ਘਰ ਵਾਪਸ ਨਹੀਂ ਆਇਆ। ਇਸ ਦੀ ਕਾਫੀ ਭਾਲ ਕੀਤੀ ਪਰ ਕੁਝ ਵੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਅੱਜ ਸਵੇਰੇ ਇਸ ਦੀ ਕਬਰਿਸਤਾਨ ਤੋਂ ਲਾਸ਼ ਮਿਲੀ ਹੈ । ਪਰਿਵਾਰ ਨੇ ਦੱਸਿਆ ਕਿ ਗਗਨਦੀਪ ਸਿੰਘ ਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ। ਇਸ ਤੋਂ ਛੁਟਕਾਰਾ ਪਵਾਉਣ ਲਈ ਕਾਫੀ ਇਲਾਜ ਵੀ ਕਰਵਾਇਆ ਗਿਆ ਪਰ ਫਿਰ ਵੀ ਇਸ ਨਸ਼ੇ ਦੀ ਲਾਹਨਤ ਤੋਂ ਛੁਟਕਾਰਾ ਨਹੀਂ ਹੋ ਸਕਿਆ। ਅਖੀਰ ਇਸ ਨੂੰ ਇਸ ਨਸ਼ੇ ਦੀ ਖਾਤਰ ਆਪਣੀ ਜਾਨ ਗਵਾਉਣੀ ਪਈ ਹੈ ।
