ਪਟਿਆਲਾ, 8 ਅਕਤੂਬਰ 2022 – ਘਰੋਂ ਦੁਸਹਿਰਾ ਦੇਖਣ ਗਏ ਨਾਭਾ ਦੇ ਪਿੰਡ ਮਾਹਸ ਦੇ ਗੁਰਬਖਸ਼ੀਸ਼ ਸਿੰਘ (18) ਦੀ ਲਾਸ਼ ਕਾਰ ਵਿੱਚੋਂ ਮਿਲੀ ਹੈ। ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਬੇਟੇ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਮਾਮਲਾ ਬੁੱਧਵਾਰ ਦਾ ਹੈ। ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਗੁਰਬਖਸ਼ੀਸ਼ ਬੁੱਧਵਾਰ ਦੁਪਹਿਰ 2.30 ਵਜੇ 500 ਰੁਪਏ ਲੈ ਕੇ ਦੁਸਹਿਰਾ ਦੇਖਣ ਲਈ ਕਹਿ ਕੇ ਕਾਰ ਲੈ ਕੇ ਘਰੋਂ ਨਿਕਲਿਆ ਸੀ। ਢਾਈ ਘੰਟੇ ਬਾਅਦ ਹੀ ਉਹ ਪਿੰਡ ਥੂਹੀ ਨੇੜੇ ਕਾਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ।
ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਉਸ ਦੇ ਲੜਕੇ ਨੂੰ ਘਰੋਂ ਬੁਲਾ ਕੇ ਨਸ਼ੇ ਦੀ ਓਵਰਡੋਜ਼ ਦਿੱਤੀ ਗਈ। ਗੁਰਬਖਸ਼ੀਸ਼ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਗੁਰਬਖਸ਼ੀਸ਼ ਦੇ ਪਿਤਾ ਇਟਲੀ ਰਹਿੰਦੇ ਹਨ। ਅਗਲੇ ਮਹੀਨੇ ਪੁੱਤਰ ਨੇ ਵੀ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ।
ਇਸ ਲਈ ਉਹ ਤਿਆਰੀਆਂ ਕਰ ਰਹੇ ਸਨ ਪਰ ਉਨ੍ਹਾਂ ਦੇ ਸੁਪਨੇ, ਸੁਪਨੇ ਹੀ ਰਹਿ ਗਏ ਹਨ। ਪੁਲਸ ਨੇ ਮਾਂ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਥਾਣਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਮੌਤ ਓਵਰਡੋਜ਼ ਕਾਰਨ ਹੋਈ ਹੈ ਜਾਂ ਨਹੀਂ, ਇਹ ਮੈਡੀਕਲ ਰਿਪੋਰਟ ‘ਚ ਸਪੱਸ਼ਟ ਹੋ ਸਕੇਗਾ।
ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੌਤ ਦੇ ਕਾਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਹਿਲ ਦੇ ਆਧਾਰ ‘ਤੇ ਮ੍ਰਿਤਕ ਦੇ ਫੋਨ ‘ਚੋਂ ਕਾਲ ਡਿਟੇਲ ਕਢਵਾ ਲਈ ਗਈ ਹੈ, ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਵਾਲੇ ਦਿਨ ਉਸ ਨੇ ਕਿੰਨੇ ਲੋਕਾਂ ਨਾਲ ਗੱਲ ਕੀਤੀ ਸੀ। ਉਹ ਕਿਸ ਦੇ ਸੰਪਰਕ ਵਿਚ ਸੀ?