- ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਕੀਤੀ ਸ਼ੁਰੂ
ਬਟਾਲਾ, 4 ਫਰਵਰੀ 2023 – ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਨੂੰ ਜਾਂਦੇ ਸਮੇਂ ਵੀਰਵਾਰ ਰਾਤ ਨੂੰ ਇੱਕ ਤੇਜ਼ ਰਫਤਾਰ ਬੋਲੈਰੋ ਗੱਡੀ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ‘ਚ ਮੋਟਰਸਾਈਕਲ ‘ਤੇ ਸਵਾਰ ਪਿਤਾ, ਪੁੱਤਰ ਅਤੇ ਧੀ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਜ਼ਖਮੀ ਹੋ ਗਈ। ਥਾਣਾ ਮਜੀਠਾ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ-ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਪਿੰਡ ਬੀਬਰਪੁਰਾ ਨੇੜੇ ਇਕ ਬੋਲੈਰੋ ਗੱਡੀ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਪਤੀ-ਪਤਨੀ ਅਤੇ ਦੋ ਬੱਚੇ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਵੱਲ ਜਾ ਰਹੇ ਸਨ।
ਇਸ ਦੌਰਾਨ ਤੇਜ਼ ਰਫਤਾਰ ਬੋਲੈਰੋ ਗੱਡੀ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੋਟਰਸਾਈਕਲ ਨਾਲ ਟਕਰਾ ਗਈ। ਇਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਦੋਵੇਂ ਬੱਚੇ ਹੇਠਾਂ ਡਿੱਗ ਗਏ। ਛੋਟਾ ਪੁੱਤਰ ਗੁਰਨੂਰ ਸਿੰਘ ਆਪਣੀ ਮਾਂ ਦੀ ਗੋਦੀ ਤੋਂ ਦੂਰ ਜਾ ਡਿੱਗਿਆ।
ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਨਜੀਤ ਸਿੰਘ, ਉਸ ਦੇ ਦੋ ਸਾਲਾ ਪੁੱਤਰ ਗੁਰਨੂਰ ਸਿੰਘ ਅਤੇ ਅੱਠ ਸਾਲਾ ਪੁੱਤਰੀ ਸੁਖਪ੍ਰੀਤ ਕੌਰ ਸਾਰੇ ਵਾਸੀ ਪਿੰਡ ਆਜ਼ਮਪੁਰਾ, ਕਸਬਾ ਕਾਲਾ ਅਫਗਾਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਨਜੀਤ ਸਿੰਘ ਦੀ ਪਤਨੀ ਮਨਜੋਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।