ਖੰਨਾ, 18 ਜਨਵਰੀ 2023 – ਜ਼ਿਲ੍ਹਾ ਲੁਧਿਆਣਾ ਵਿੱਚ ਕਸਬਾ ਖੰਨਾ ਦੇ ਮਿਲਟਰੀ ਗਰਾਊਂਡ ਵਿੱਚ ਇੱਕ ਬੰਬ ਮਿਲਿਆ ਹੈ। ਸਵੇਰੇ ਸ਼ੌਚ ਕਰਨ ਗਏ ਵਿਅਕਤੀ ਨੇ ਜਦੋਂ ਬੰਬ ਦੇਖਿਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਬੰਬ ਮਿਲਣ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਇਲਾਕੇ ‘ਚ ਹੜਕੰਪ ਮਚ ਗਿਆ। ਪੁਲਿਸ ਅਧਿਕਾਰੀਆਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਟੀਮ ਦੇ ਆਉਣ ਤੋਂ ਬਾਅਦ ਸੁਰੱਖਿਆ ਹੇਠ ਇਸ ਬੰਬ ਨੂੰ ਇੱਥੋਂ ਹਟਾ ਦਿੱਤਾ ਜਾਵੇਗਾ। ਮਿਲਟਰੀ ਗਰਾਊਂਡ ਤੋਂ ਬੰਬ ਮਿਲਣਾ ਵੱਡੀ ਗੱਲ ਹੈ ਕਿਉਂਕਿ ਨੌਜਵਾਨ ਭਰਤੀ ਲਈ ਇਸ ਗਰਾਊਂਡ ਤੱਕ ਪਹੁੰਚਦੇ ਹਨ। ਇੱਥੇ ਸਰੀਰਕ ਟੈਸਟ ਆਦਿ ਕਰਵਾਏ ਜਾਂਦੇ ਹਨ।
ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸ ਮੈਦਾਨ ਤੋਂ ਕੁਝ ਦੂਰੀ ‘ਤੇ ਹੀ ਲੰਘੀ ਸੀ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਬੰਬ ਵਾਲੀ ਥਾਂ ਨੂੰ ਘੇਰ ਲਿਆ ਹੈ। ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਲਾਕੇ ਦੇ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਕਬਾੜ ਦਾ ਕੰਮ ਕਰਨ ਵਾਲੇ ਕਈ ਵਿਅਕਤੀ ਜਦੋਂ ਸਕੈਪ ਆਦਿ ਲੈ ਕੇ ਆਉਂਦੇ ਹਨ ਤਾਂ ਉਸ ਵਿੱਚ ਵੀ ਬੰਬ ਆਦਿ ਨਿਕਲ ਆਉਂਦੇ ਹਨ ਪਰ ਖੇਤਾਂ ਵਿੱਚ ਇਸ ਤਰ੍ਹਾਂ ਖੁੱਲ੍ਹੇ ਵਿੱਚ ਬੰਬ ਮਿਲਣਾ ਵੀ ਪੁਲੀਸ ਲਈ ਵੱਡਾ ਸਵਾਲ ਹੈ।