ਚੰਡੀਗੜ੍ਹ, 24 ਜੂਨ 2022 – ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ‘SYL’ ਗੀਤ ਰਿਲੀਜ਼ ਹੋਇਆ ਸੀ। ਜਿਸ ਨੂੰ ਰਿਲੀਜ਼ ਹੋਣ ਦੇ 4 ਮਿੰਟਾਂ ਦੇ ਅੰਦਰ ਅੰਦਰ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਵੇਖਿਆ। ਇਹ ਕਿਸੇ ਵੀ ਗੀਤ ਦੇ ਹਿੱਟ ਹੋਣ ਦਾ ਨਵਾਂ ਰਿਕਾਰਡ ਹੈ। ਚੰਦ ਮਿੰਟਾਂ ਵਿਚ ਇਹ ਗੀਤ 5 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਸੀ। ਪੰਜਾਬੀ ਗਾਇਕੀ ਵਿਚ ਕਿਸੇ ਵੀ ਗੀਤ ਦਾ ਹਿੱਟ ਹੋਣ ਦਾ ਇਹ ਨਵਾਂ ਸਿਖ਼ਰ ਹੈ। ਗੀਤ ਨੂੰ ਪਹਿਲੇ 6 ਮਿੰਟਾਂ ‘ਚ 4.77 ਲੱਖ ਲੋਕਾਂ ਨੇ ਵੇਖਿਆ ਅਤੇ 3.14 ਲੱਖ ਲੋਕਾਂ ਨੇ ਪਸੰਦ ਕੀਤਾ।
ਮੂਸੇਵਾਲਾ ਦੇ ਗੀਤ ‘SYL’ ‘ਤੇ ਭਾਰਤੀ ਮੁੱਕੇਬਾਜ਼ ਵੀਜੇਂਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਵੀਜੇਂਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਉਂਦਿਆਂ ਲਿਖਿਆ ਕਿ ਮੂਸੇਵਾਲਾ ਦੇ SYL ਗੀਤ ਦੀ ਲਾਈਨ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿਆਂਗੇ” ਵਾਲੀ ਲਾਈਨ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ ਕਿ ਪਾਣੀ ਕਿਸ ਨੂੰ ਨਹੀਂ ਦੇਣਾ ਹੈ ? ਹਰਿਆਣਾ ਨੂੰ ? ਇਸ ਲਾਈਨ ਨੂੰ ਸਮਝਣ ਲਈ ਸਾਨੂੰ ਸਾਡਾ ਪਿਛੋਕੜ ਅਤੇ ਹਰਿਆਣਾ ਦੇ ਦਿਓ, ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ‘ਚ ਹੀ ਪਰਿਵਾਰ ਇਕ ਕਰਨ ਨੂੰ ਕਹਿ ਰਹੇ ਹਨ ਤੇ ਇਸ ਦੀ ਅਗਲੀ ਲਾਈਨ ‘ਚ ਉਸ ਨੇ ਅੰਗਰੇਜ਼ੀ ਸ਼ਬਦ ‘Sovereignty’ ਦੀ ਵਰਤੋਂ ਕੀਤੀ ਹੈ। ਯਾਨੀ ਕਿ ਸਾਡਾ ਪਰਿਵਾਰ (ਸੂਬਾ) ਇਕ ਕਰ ਦਿਓ ਤੇ ਪ੍ਰਭੂਸੱਤਾ ਦੇ ਦਿਓ। ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ।
ਇਸ ਗੀਤ ‘ਚ ਇਕ ਲਾਈਨ ਹੋਰ ਹੈ- “ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ, ਟੋਪੀ ਵਾਲਿਆ।” ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ, ਰਾਜਸਥਾਨ ਵਿੱਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਅਤੇ ਟੋਪੀ ਵਾਲੇ ਇਹ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ।
ਉਹਨਾਂ ਇਹ ਵੀ ਲਿਖਿਆ ਕੇ ਇਸ ਗੀਤ ਨਾਲ ਉਹਨਾਂ ਲੋਕਾਂ ਨੂੰ ਜਲਣ ਹੋ ਰਹੀ ਹੈ ਜਿਹਨਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਯੂਪੀ ਦੇ ਕਿਸਾਨਾਂ ‘ਚ ਅੱਤਵਾਦੀ ਦਿਖਦਾ ਸੀ।