ਗੁਰਦਾਸਪੁਰ 14 ਸਤੰਬਰ 2023 – ਮੁੰਡੇ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਬਾਕਸਿੰਗ ਖਿਡਾਰਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਮ੍ਰਿਤਕਾ ਦੇ ਜੀਜੇ ਰਜਿੰਦਰ ਮਸੀਹ ਨੇ ਦੱਸਿਆ ਕਿ ਮੇਰੀ ਸਾਲੀ ਸਿੰਮੀ ਸਹੋਤਾ (24) ਪੁੱਤਰੀ ਕਸ਼ਮੀਰ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਿਬ, ਜੋ ਕਿ ਬਾਕਸਿੰਗ ਦੀ ਖਿਡਾਰਨ ਸੀ ਅਤੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਪ੍ਰੈਕਟਿਸ ਕਰਦੀ ਸੀ ਅਤੇ ਉਸਦੇ ਨਾਲ ਰੋਹਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਡੇਰਾ ਬਾਬਾ ਨਾਨਕ ਵੀ ਪ੍ਰੈਕਟਿਸ ਕਰਦਾ ਸੀ, ਜਿਸਦੇ ਚਲਦਿਆਂ ਇਨ੍ਹਾਂ ਦੀ ਆਪਸ ਵਿਚ ਦੋਸਤੀ ਹੋ ਗਈ ਅਤੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗ ਪਏ।
ਰਜਿੰਦਰ ਮਸੀਹ ਨੇ ਦੱਸਿਆ ਕਿ ਇਸਦੇ ਬਾਅਦ ਉਕਤ ਨੌਜਵਾਨ ਦੇ ਭਰਾ ਸੰਦੀਪ ਕੁਮਾਰ ਨੇ ਇਨ੍ਹਾਂ ਦੋਵਾਂ ਨੂੰ ਹੁਸ਼ਿਆਰਪੁਰ ਵਿਖੇ ਬੁਲਾਇਆ ਅਤੇ ਆਪਸ ਵਿਚ ਵਿਆਹ ਕਰਵਾਉਣ ਲਈ ਰਾਜ਼ੀ ਕਰ ਲਿਆ ਅਤੇ ਇਥੇ ਹੀ ਰੋਹਿਤ ਨੇ ਕੁੜੀ ਨਾਲ ਸਰੀਰਿਕ ਸਬੰਧ ਵੀ ਬਣਾਏ। ਇਸ ਤੋਂ ਬਾਅਦ ਰੋਹਿਤ ਨੇ ਕੁੜੀ ਨੂੰ ਕਿਹਾ ਕਿ ਮੈਂ ਹੁਣ ਪੰਜਾਬ ਪੁਲਸ ਵਿਚ ਭਰਤੀ ਹੋ ਗਿਆ ਹਾਂ ਅਤੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ, ਜਿਸਦੇ ਚਲਦਿਆਂ ਉਹ ਗਰਭਵਤੀ ਹੋ ਗਈ ਅਤੇ ਉਸਨੂੰ ਵਿਆਹ ਕਰਵਾਉਣ ਲਈ ਆਖਦੀ ਰਹੀ ਪਰ ਉਕਤ ਨੌਜਵਾਨ ਟਾਲ ਮਟੋਲ ਕਰਦਾ ਰਿਹਾ ਅਤੇ ਉਸ ਨੇ ਕੁੜੀ ਦਾ ਆਬੋਰਸ਼ਨ ਕਰਵਾਉਣ ਉਪਰੰਤ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਉਕਤ ਮਾਮਲੇ ਸਬੰਧੀ ਜਦੋਂ ਥਾਣਾ ਡੇਰਾ ਬਾਬਾ ਨਾਨਕ ਦੇ ਐਸ਼ ਐਚ ਓ ਬਿਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਜੀਨਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਵਾਂ ਭਰਾਵਾਂ ਵਿਰੁੱਧ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਹੈ।