- ਚੰਡੀਗੜ੍ਹ ਤੋਂ ਜਗਰਾਉਂ ਜਾ ਰਹੀ ਸੀ ਬੱਸ
ਲੁਧਿਆਣਾ, 17 ਅਪ੍ਰੈਲ 2024 – ਲੁਧਿਆਣਾ ‘ਚ ਬੱਸ ਸਟੈਂਡ ਦੇ ਬਾਹਰ ਦੇਰ ਰਾਤ ਹੰਗਾਮਾ ਹੋਇਆ। ਪੁਲ ਤੋਂ ਉਤਰਦੇ ਸਮੇਂ ਸਰਕਾਰੀ ਬੱਸ (ਪਨਬੱਸ) ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਬੱਸ ਸਟੈਂਡ ਚੌਕ ‘ਤੇ ਖੜ੍ਹੇ ਇਕ ਵਿਅਕਤੀ ਨੂੰ ਬੱਸ ਨੇ ਕੁਚਲ ਦਿੱਤਾ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਜ਼ਖ਼ਮੀ ਹਾਲਤ ‘ਚ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਜਦਕਿ ਕੰਡਕਟਰ ਫਰਾਰ ਹੋ ਗਿਆ।
ਬੱਸ ਚਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜਗਰਾਉਂ ਰੂਟ ’ਤੇ ਬੱਸ ਚਲਾਉਂਦਾ ਹੈ। ਉਹ ਜਗਰਾਉਂ ਡਿਪੂ ਦਾ ਡਰਾਈਵਰ ਹੈ। ਅੱਜ ਅਚਾਨਕ ਜਦੋਂ ਉਸ ਦੀ ਬੱਸ, ਲੁਧਿਆਣਾ ਬੱਸ ਸਟੈਂਡ ਪੁਲ ਤੋਂ ਹੇਠਾਂ ਉਤਰ ਰਹੀ ਸੀ ਤਾਂ ਪ੍ਰੈਸ਼ਰ ਲੀਕ ਹੋਣ ਕਾਰਨ ਬ੍ਰੇਕ ਫ਼ੇਲ੍ਹ ਹੋ ਗਏ, ਜਿਸ ਕਾਰਨ ਬੱਸ ਨੂੰ ਰੋਕਣਾ ਮੁਸ਼ਕਿਲ ਹੋ ਗਿਆ।
ਜਸਬੀਰ ਨੇ ਕਿਹਾ ਕਿ ਉਸ ਨੇ ਰੌਲਾ ਵੀ ਪਾਇਆ। ਬੱਸ ਦੀ ਸਪੀਡ ਘੱਟ ਕਰਨ ਲਈ ਉਸਨੇ ਇੱਕ ਆਟੋ ਨੂੰ ਵੀ ਟੱਕਰ ਮਾਰੀ ਪਰ ਸਪੀਡ ਘੱਟ ਨਹੀਂ ਹੋਈ। ਬੱਸ ਸਟੈਂਡ ਚੌਕ ਦੇ ਵਿਚਕਾਰ ਅਚਾਨਕ ਇੱਕ ਵਿਅਕਤੀ ਖੜ੍ਹਾ ਸੀ ਜਿਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਸਬੀਰ ਨੇ ਦੱਸਿਆ ਕਿ ਭੀੜ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ।
ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲੀਸ ਚੌਕੀ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।