ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਪੜ੍ਹੋ ਵੇਰਵਾ

  • ਪੰਜ ਸਿੰਘ ਸਾਹਿਬਾਨ ਨੇ ਲਾਵਾਂ ਮੌਕੇ ਲਾੜੀ ਦੇ ਲਹਿੰਗਾ-ਘੱਗਰਾ ਪਹਿਨਣ ‘ਤੇ ਲਾਈ ਪਾਬੰਦੀ
  • ਲਾਵਾਂ ਲੈਣ ਮੌਕੇ ਸਿਰ ‘ਤੇ ਚੁੰਨੀ ਜਾਂ ਫੁੱਲਾਂ ਦੀ ਛਾਂ ਵੀ ਨਹੀਂ ਕਰੇਗੀ ਲਾੜੀ
  • ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਪਾਸ ਕੀਤਾ ਪ੍ਰਸਤਾਵ

ਅੰਮ੍ਰਿਤਸਰ, 16 ਦਸੰਬਰ 2023 – ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ (ਵਿਆਹ) ਸਬੰਧੀ ਪੰਜ ਸਿੰਘ ਸਾਹਿਬਾਨ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੰਦੇੜ ਸਾਹਿਬ ਵਿੱਚ ਹੋਈ ਮੀਟਿੰਗ ਤੋਂ ਬਾਅਦ ਪਾਸ ਕੀਤੇ ਮਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ। ਜੇਕਰ ਇਨ੍ਹਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤਾਂ ਵੀ ਵਿਆਹ-ਸ਼ਾਦੀਆਂ ਅਤੇ ਸਮਾਗਮਾਂ ਦੌਰਾਨ ਦਿਖਾਵੇ ਦੇ ਵੱਧ ਰਹੇ ਵਰਤਾਰੇ ਦੇ ਮੱਦੇਨਜ਼ਰ ਦਿੱਤੀਆਂ ਗਈਆਂ ਹਨ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਲੜਕੀਆਂ ਨੂੰ ਲਾਵਾਂ ਦੌਰਾਨ ਭਾਰੀ ਲਹਿੰਗਾ ਨਾ ਪਹਿਨਣ, ਸਗੋਂ ਸਿਰਫ ਕਮੀਜ਼, ਸਲਵਾਰ ਅਤੇ ਸਿਰ ‘ਤੇ ਚੁੰਨੀ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ ਹੈ। ਅਸਲ ਵਿਚ ਦੇਖਿਆ ਗਿਆ ਹੈ ਕਿ ‘ਲਾਵਾਂ’ ਦੇ ਸਮੇਂ ਵਿਚ ਕੁੜੀਆਂ ਮਹਿੰਗੇ ਅਤੇ ਫੈਸ਼ਨੇਬਲ ਲਹਿੰਗਾ ਅਤੇ ਘੱਗਰੇ ਪਾ ਕੇ ਗੁਰਦੁਆਰਿਆਂ ਵਿਚ ਆਉਂਦੀਆਂ ਹਨ। ਉਹ ਕੱਪੜੇ ਇੰਨੇ ਭਾਰੇ ਹਨ ਕਿ ਲਾੜੀ ਦਾ ਤੁਰਨਾ, ਉਠਣਾ, ਬੈਠਣਾ ਅਤੇ ਗੁਰੂ ਮਹਾਰਾਜ ਅੱਗੇ ਮੱਥਾ ਟੇਕਣਾ ਵੀ ਔਖਾ ਹੋ ਜਾਂਦਾ ਹੈ।

ਇਸ ਦੇ ਮੱਦੇਨਜ਼ਰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਲਾੜੀਆਂ ਮਹਿੰਗੇ ਤੇ ਭਾਰੇ ਲਹਿੰਗਾ ਤੇ ਘੱਗਰੇ ਦੀ ਥਾਂ ਕਮੀਜ਼, ਸਲਵਾਰ ਤੇ ਸਿਰ ’ਤੇ ਚੁੰਨੀ ਪਾ ਕੇ ਆਉਣਗੀਆਂ। ਸਿੰਘ ਸਾਹਿਬਾਨ ਨੇ ਕਿਹਾ ਕਿ ਆਨੰਦ ਕਾਰਜ ਸਮੇਂ ਦੁਲਹਨ ‘ਤੇ ਚੁੰਨੀ ਜਾਂ ਫੁੱਲਾਂ ਦੀ ਛਾਂ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਜੋ ਠੀਕ ਨਹੀਂ ਹੈ।

ਰਿਸ਼ਤੇਦਾਰ ਲਾੜੀ ਨੂੰ ਚੁੰਨੀ ਅਤੇ ਫੁੱਲਾਂ ਦੀ ਛਾਂ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਲੈ ਕੇ ਆਉਂਦੇ ਹਨ। ਅਜਿਹੇ ‘ਚ ਹੁਣ ਲਾਵਾਂ ਦੌਰਾਨ ਗੁਰਦੁਆਰਿਆਂ ‘ਚ ਫੁੱਲ ਜਾਂ ਚੁੰਨੀ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸਿੰਘ ਸਾਹਿਬਾਨ ਨੇ ਦੱਸਿਆ ਕਿ ਅੱਜਕੱਲ੍ਹ ਆਨੰਦ ਕਾਰਜ ਦੇ ਸੱਦਾ ਪੱਤਰਾਂ ‘ਤੇ ਲੜਕੇ-ਲੜਕੀ ਦੇ ਨਾਵਾਂ ਅੱਗੇ ਸਿੰਘ ਅਤੇ ਕੌਰ ਨਹੀਂ ਲਿਖਿਆ ਜਾਂਦਾ। ਇਹ ਵੀ ਠੀਕ ਨਹੀਂ ਹੈ। ਇਸ ਦੇ ਮੱਦੇਨਜ਼ਰ ਹੁਣ ਕਾਰਡ ਦੇ ਬਾਹਰ ਅਤੇ ਅੰਦਰ ਲਾੜਾ-ਲਾੜੀ ਦੇ ਨਾਂ ਅੱਗੇ ਕੌਰ ਅਤੇ ਸਿੰਘ ਲਿਖਣਾ ਲਾਜ਼ਮੀ ਹੋਵੇਗਾ। ਸਿੰਘ ਸਾਹਿਬਾਨ ਨੇ ਸਿੱਖ ਕੌਮ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਸਿੱਖ ਮਰਿਆਦਾ ਅਨੁਸਾਰ ਨਾ ਹੋਣ ਵਾਲੇ ਵਿਆਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਦਰਅਸਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਆਇਆ ਸੀ ਕਿ ਇਨ੍ਹੀਂ ਦਿਨੀਂ ਡੈਸਟੀਨੇਸ਼ਨ ਵਿਆਹਾਂ ਦਾ ਰੁਝਾਨ ਵਧਿਆ ਹੈ। ਜਿਸ ਕਾਰਨ ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੰਦਰ ਦੇ ਕੰਢੇ ਜਾਂ ਰਿਜ਼ੋਰਟ ‘ਚ ਲਿਜਾ ਕੇ ਪ੍ਰਕਾਸ਼ ਕਰਦੇ ਹਨ ਅਤੇ ਲਾਵਾ ਲੈਂਦੇ ਹਨ। ਉਦੋਂ ਵੀ ਸਿੰਘ ਸਾਹਿਬਾਨ ਨੇ ਅਜਿਹੇ ਵਿਆਹਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲਿਜਾਣ ਦੀ ਮਨਾਹੀ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਵਿਕਾਸ ਮਲਿਕ

ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ: 96 ਮੁਲਾਜ਼ਮਾਂ ਦੇ ਤਬਾਦਲੇ