ਵੱਡੀ ਵਾਰਦਾਤ: ਭਰਾ ਨੇ ਭਰਾ ਦਾ ਬੇਰਹਿਮੀ ਨਾਲ ਵੱਢਿਆ ਗਲਾ

ਮਾਛੀਵਾੜਾ, 20 ਨਵੰਬਰ 2024 – ਮਾਛੀਵਾੜਾ ਨੇੜੇ ਇਤਿਹਾਸਕ ਪਿੰਡ ਝਾੜ ਸਾਹਿਬ ਵਿਖੇ ਅੱਧੀ ਰਾਤ ਨੂੰ ਸਰਹਿੰਦ ਨਹਿਰ ਕਿਨਾਰੇ ਸੜਕ ’ਤੇ ਹੀ 2 ਮਸੇਰੇ ਭਰਾਵਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਦੌਰਾਨ ਇੱਕ ਭਰਾ ਨੇ ਦੂਜੇ ਭਰਾ ਦਾ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਮਾਛੀਵਾੜਾ ਪੁਲਸ ਥਾਣਾ ਨੂੰ ਕਾਲ ਆਈ ਕਿ ਝਾੜ ਸਾਹਿਬ ਨੇੜੇ ਖੂਨੀ ਝੜਪ ਹੋਈ ਹੈ। ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਵਾਸੀ ਗੁਮਾਣਪੁਰ, ਹਲਕਾ ਮਜੀਠਾ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀ ਵੱਲ ਨੂੰ ਜਾ ਰਿਹਾ ਸੀ, ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ। ਇਹ ਦੋਵੇਂ ਝਾੜ ਸਾਹਿਬ ਵਿਖੇ ਆਪਸ ਵਿਚ ਇੱਕ-ਦੂਜੇ ਨੂੰ ਮਿਲ ਪਏ ਅਤੇ ਇਨ੍ਹਾਂ ਦਾ ਪਹਿਲਾਂ ਵੀ ਆਪਸ ਵਿਚ ਪਰਿਵਾਰਕ ਕਲੇਸ਼ ਚੱਲਿਆ ਆ ਰਿਹਾ ਹੈ, ਜੋ ਕਿ ਰਿਸ਼ਤੇ ‘ਚ ਮਸੇਰੇ ਭਰਾ ਹਨ।

ਇੱਥੇ ਦੋਹਾਂ ਨੇ ਇੱਕ-ਦੂਜੇ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਦੋਹਾਂ ਦੀ ਸੜਕ ਵਿਚਕਾਰ ਖੂਨੀ ਝੜਪ ਹੋ ਗਈ। ਚਮਕੌਰ ਸਿੰਘ ਨੇ ਰਛਪਾਲ ਸਿੰਘ ਦੀ ਧੌਣ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਜਾਨ ਚਲੀ ਗਈ, ਜਦਕਿ ਇਸ ਲੜਾਈ ਵਿਚ ਚਮਕੌਰ ਸਾਹਿਬ ਖ਼ੁਦ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਥਾਣਾ ਮੁਖੀ ਪਵਿੱਤਰ ਸਿੰਘ, ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਤੇ ਪੁਲਸ ਪਾਰਟੀ ਪੁੱਜ ਗਈ, ਜਿਨ੍ਹਾਂ ਦੇਖਿਆ ਕਿ ਸੜਕ ਕਿਨਾਰੇ ਰਛਪਾਲ ਸਿੰਘ ਖੂਨ ਨਾਲ ਲੱਥਪਥ ਪਿਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।

ਚਮਕੌਰ ਸਿੰਘ ਨੇੜੇ ਹੀ ਜਖ਼ਮੀ ਹਾਲਤ ਵਿਚ ਪਿਆ ਸੀ। ਪੁਲਸ ਵਲੋਂ ਰਛਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਸਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ, ਜਦਕਿ ਚਮਕੌਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਆਉਣ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਜ ਸਵੇਰੇ ਮੌਕਾ ਦੇਖਣ ਲਈ ਐੱਸ. ਐੱਸ. ਪੀ. ਖੰਨਾ ਅਸ਼ਵਨੀ ਗੋਟਿਆਲ ਵੀ ਪੁੱਜੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਾਛੀਵਾੜਾ ਪੁਲਸ ਅਤੇ 112 ਕਾਲ ’ਤੇ ਤੁਰੰਤ ਕਾਰਵਾਈ ਕਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਕਿਹਾ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਕੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਚਮਕੌਰ ਸਿੰਘ ਜੋ ਕਿ ਹਸਪਤਾਲ ਦਾਖ਼ਲ ਹੈ, ਉਸ ਖ਼ਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਕ੍ਰੇਨ ਨੇ ਰੂਸ ’ਤੇ ਪਹਿਲੀ ਵਾਰ ਅਮਰੀਕੀ ਮਿਜ਼ਾਈਲਾਂ ਨਾਲ ਕੀਤਾ ਹਮਲਾ

ਲਾੜਾ ਸਿਹਰਾ ਸਜਾ ਪਹੁੰਚਿਆ ਪੋਲਿੰਗ ਬੂਥ: ਬਰਾਤ ਤੁਰਨ ਤੋਂ ਪਹਿਲਾਂ ਪਾਈ ਵੋਟ