- ਕ+ਤ+ਲ ਤੋਂ ਬਾਅਦ ਲਾ+ਸ਼ਾਂ ਨੂੰ ਨਹਿਰ ‘ਚ ਸੁੱਟਿਆ,
- ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੀਤੀ FIR ਦਰਜ,
- ਘਰੇਲੂ ਕਲੇਸ਼ ਬਣਿਆ ਕ+ਤ+ਲ ਦੀ ਵਜ੍ਹਾ
ਮੋਹਾਲੀ, 13 ਅਕਤੂਬਰ 2023 – ਮੋਹਾਲੀ ਦੇ ਖਰੜ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੇ ਭਰਾ, ਭਾਬੀ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦਾ ਕਾਰਨ ਘਰੇਲੂ ਲੜਾਈ ਮੰਨ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਲਖਬੀਰ ਸਿੰਘ ਨੇ ਆਪਣੇ ਭਰਾ ਸਤਬੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਦੀਆਂ ਲਾਸ਼ਾਂ ਰੋਪੜ ਨਹਿਰ ਵਿੱਚ ਸੁੱਟ ਦਿੱਤੀਆਂ। 2 ਸਾਲ ਦੇ ਬੱਚੇ ਅਨਹਦ ਨੂੰ ਮੋਰਿੰਡਾ ਨਹਿਰ ਵਿੱਚ ਸੁੱਟ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇੱਕ ਲਾਸ਼ ਬਰਾਮਦ ਕੀਤੀ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਸੂਤਰਾਂ ਮੁਤਾਬਕ ਦੋਸ਼ੀ ਦਾ ਭਰਾ ਸਾਫਟਵੇਅਰ ਇੰਜੀਨੀਅਰ ਸੀ। ਉਸ ਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਵੀ ਮਿਲ ਗਈ ਸੀ, ਪਰ ਮੁਲਜ਼ਮ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਸ ਤੋਂ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਚੁੱਕਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਭਰਾ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ।
ਪੁਲੀਸ ਇਸ ਮਾਮਲੇ ਵਿੱਚ ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਦੋਸ਼ੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਦਾ ਉਹ ਦੋਸਤ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮ ਲਖਬੀਰ ਸਿੰਘ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲਖਬੀਰ ਸਿੰਘ ਨੇ ਆਪਣੇ ਭਰਾ ਦਾ ਸਿਰ ’ਤੇ ਵਾਰ ਕਰਕੇ ਕਤਲ ਕੀਤਾ ਹੈ। ਇਸ ਤੋਂ ਬਾਅਦ ਭਰਾ ਦੀ ਪਤਨੀ ਦਾ ਕਿਸੇ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਸ ਨੇ ਦੋਵਾਂ ਨੂੰ ਰੋਪੜ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਭਤੀਜੇ ਦਾ ਕਤਲ ਕਰਕੇ ਉਸ ਨੂੰ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤਾ।
ਇਸ ਤੀਹਰੇ ਕਤਲ ਕਾਂਡ ਵਿੱਚ ਖਰੜ ਦੇ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਦਾ ਪਰਿਵਾਰਕ ਕਲੇਸ਼ ਹੈ। ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।