ਜ਼ੀਰਾ, 6 ਜੁਲਾਈ 2025 – ਇੱਥੋਂ ਦੇ ਨੇੜਲੇ ਪਿੰਡ ਮਰੂੜ ‘ਚ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਸੁਪਨਦੀਪ ਸਿੰਘ (19) ਪੁੱਤਰ ਸਾਧੂ ਸਿੰਘ ਵਾਸੀ ਮਰੂੜ ਵਜੋਂ ਹੋਈ ਹੈ, ਜੋ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ ਦਾ ਭਤੀਜਾ ਸੀ। ਮਿਲੀ ਜਾਣਕਾਰੀ ਅਨੁਸਾਰ ਸੁਪਨਦੀਪ ਸਿੰਘ ਆਪਣੇ ਘਰ ‘ਚ ਰੋਜ਼ਾਨਾ ਵਰਗਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸਦਾ ਹੱਥ ਬਿਜਲੀ ਦੀ ਤਾਰ ਨਾਲ ਲੱਗ ਗਿਆ, ਜਿਸ ਕਾਰਨ ਉਹ ਕਰੰਟ ਨਾਲ ਝਟਕੇ ਖਾ ਗਿਆ ਅਤੇ ਮੌਕੇ ‘ਤੇ ਹੀ ਬੇਹੋਸ਼ ਹੋ ਗਿਆ।
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹੀ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਜ਼ੀਰਾ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਸੁਪਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਾਲ ਹੀ ‘ਚ ਉਸ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ। ਉਸ ਦੀ ਅਚਾਨਕ ਮੌਤ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

