- 12 ਵਾਹਨਾਂ ਦੇ ਪੁਰਜ਼ੇ ਬਰਾਮਦ ਕੀਤੇ ਗਏ
ਪਟਿਆਲਾ, 6 ਅਗਸਤ 2024 – ਮਾਡਲ ਟਾਊਨ ਪੁਲਿਸ ਨੇ ਪਟਿਆਲਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਕਾਰਾਂ ਚੋਰੀ ਕਰਕੇ ਕਬਾੜੀਆਂ ਵੇਚਣ ਵਾਲੇ ਜੀਜੇ ਤੇ ਸਾਲੇ ਨੂੰ ਕਾਬੂ ਕੀਤਾ ਹੈ। ਸਮਾਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ ਚੋਰੀ ਹੋਣ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੀਆਂ ਕਾਰਾਂ ਬਰਾਮਦ ਕਰ ਲਈਆਂ ਹਨ।
ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਜੀਤ ਸਿੰਘ ਦਿੱਲੀ ਤਿਲਕ ਨਗਰ ਅਤੇ ਉਸ ਦੇ ਸਾਲੇ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਸਰਬਜੀਤ ਸਿੰਘ ਉਰਫ਼ ਬੰਟੀ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵਾਂ ਕੋਲੋਂ ਦੋ ਵਰਨਾ ਕਾਰਾਂ, ਇਕ ਸੈਂਟਰੋ ਕਾਰ ਤੋਂ ਇਲਾਵਾ 12 ਵਾਹਨਾਂ ਦੇ ਪਾਰਟਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਨੇ 31 ਜੁਲਾਈ ਨੂੰ ਪਿੰਡ ਕੁਤਬਾਨਪੁਰ ਸਮਾਣਾ ਦੇ ਵਸਨੀਕ ਜਸਵੰਤ ਸਿੰਘ ਦੀ ਕਾਰ ਚੋਰੀ ਕਰ ਲਈ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀ ਭਾਲ ਜਾਰੀ ਸੀ।
ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਐਸਐਸਪੀ ਦੀ ਨਿਗਰਾਨੀ ਹੇਠ ਐਸਐਚਓ ਸਿਵਲ ਲਾਈਨ ਅੰਮ੍ਰਿਤਵੀਰ ਚਾਹਲ ਅਤੇ ਚੌਕੀ ਮਾਡਲ ਟਾਊਨ ਇੰਚਾਰਜ ਰਣਜੀਤ ਸਿੰਘ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਰਬਜੀਤ ਸਿੰਘ ਮਕੈਨਿਕ ਦਾ ਕੰਮ ਜਾਣਦਾ ਸੀ, ਜੋ ਦਸ ਮਿੰਟਾਂ ਵਿੱਚ ਕਾਰ ਦਾ ਤਾਲਾ ਖੋਲ੍ਹਣ ਵਿੱਚ ਮਾਹਿਰ ਸੀ। ਕਾਰ ਚੋਰੀ ਕਰਨ ਤੋਂ ਬਾਅਦ ਇਹ ਲੋਕ ਫਤਿਹਗੜ੍ਹ ਸਾਹਿਬ ਇਲਾਕੇ ‘ਚ ਚਲੇ ਜਾਂਦੇ ਸਨ, ਜਿੱਥੇ ਕਿਰਾਏ ‘ਤੇ ਰੱਖੇ ਗੋਦਾਮ ‘ਚ ਕਾਰ ਦੀ ਭੰਨਤੋੜ ਕਰਦੇ ਸਨ। ਕਾਰ ਤੋੜਨ ਤੋਂ ਬਾਅਦ ਉਹ ਪਾਰਟਸ ਸਕਰੈਪ ਡੀਲਰਾਂ ਅਤੇ ਆਮ ਲੋਕਾਂ ਨੂੰ ਵੇਚ ਦਿੰਦੇ ਸਨ ਕਿਉਂਕਿ ਆਮ ਲੋਕ ਇਨ੍ਹਾਂ ਨੂੰ ਸਕਰੈਪ ਸਮਝਦੇ ਸਨ। ਕਾਰ ਨੂੰ ਗੋਦਾਮ ‘ਚ ਲਿਜਾਣ ਤੋਂ ਬਾਅਦ ਇਹ ਲੋਕ ਇਕ ਘੰਟੇ ‘ਚ ਹੀ ਪੂਰੀ ਕਾਰ ਦੇ ਪੁਰਜ਼ੇ ਤੋੜ ਦਿੰਦੇ ਸਨ।
ਦਿੱਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਖਿਲਾਫ ਸਾਲ 2021 ‘ਚ ਫਤਿਹਗੜ੍ਹ ਸਾਹਿਬ ‘ਚ ਚੋਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ‘ਚ ਇਕ ਸਾਲ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਸਾਲੇ ਨਾਲ ਮਿਲ ਕੇ ਵਾਹਨ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਸਨ।