ਡੇਰਾ ਬਾਬਾ ਨਾਨਕ, 13 ਸਤੰਬਰ 2022 – ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਦੇ ਹੌਸਲੇ ਵਧ ਗਏ ਹਨ। ਇਸ ਦੀ ਤਾਜ਼ਾ ਮਿਸਾਲ ਡੇਰਾ ਬਾਬਾ ਨਾਨਕ ਵਿਖੇ ਦੇਖਣ ਨੂੰ ਮਿਲੀ। ਸੋਮਵਾਰ ਦੇਰ ਰਾਤ ਨਾਕਾਬੰਦੀ ਦੌਰਾਨ ਧਰਮਕੋਟ ਡਿੱਗੀ ਤੋਂ ਮਾਈਨਿੰਗ ਕਰਕੇ ਰੇਤ ਚੋਰੀ ਕਰ ਰਹੇ ਡਰਾਈਵਰ ਨੇ ਬੀਐਸਐਫ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਦੇ ਡਰਾਈਵਰ ਨੂੰ ਕਾਬੂ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਨੇ ਸੋਮਵਾਰ ਰਾਤ ਨੂੰ ਨਾਕਾ ਲਗਾਇਆ ਸੀ। ਪਿੰਡ ਧਰਮਕੋਟ ਪੱਤਣ ਵਾਲੇ ਪਾਸੇ ਤੋਂ ਰੇਤ ਦੀ ਭਰੀ ਇੱਕ ਗੱਡੀ ਆ ਰਹੀ ਸੀ। ਸਿਪਾਹੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਉਥੋਂ ਭੱਜ ਗਿਆ। ਇਸ ਦੌਰਾਨ ਬੀਐਸਐਫ ਦੀ ਗੱਡੀ ਵੀ ਹਾਦਸਾਗ੍ਰਸਤ ਹੋ ਗਏ ਅਤੇ ਬੀਐਸਐਫ ਦੀ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਗੱਡੀ ਦੀ ਤਲਾਸ਼ੀ ਲੈਣ ‘ਤੇ ਪਤਾ ਲੱਗਾ ਕਿ ਇਹ ਰੇਤਾ ਨਾਜਾਇਜ਼ ਤੌਰ ‘ਤੇ ਲੱਦਿਆ ਹੋਇਆ ਸੀ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਇੱਥੇ ਜਲੰਧਰ-ਡਲਹੌਜ਼ੀ ਰੋਡ ’ਤੇ ਓਟੀਜੀ ਨੇੜੇ ਮਾਈਨਿੰਗ ਸਮੱਗਰੀ ਨਾਲ ਭਰੇ ਇੱਕ ਟਰੱਕ ਨੂੰ ਡੀਸੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਡਰਾਈਵਰ ਨਾਕਾ ਤੋੜ ਕੇ ਟਰੱਕ ਨੂੰ ਉਥੋਂ ਭਜਾ ਕੇ ਲੈ ਗਿਆ ਸੀ।

