ਅੰਮ੍ਰਿਤਸਰ, 27 ਮਾਰਚ 2022 – ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਮੌਕੇ ਬੀ.ਐੱਸ.ਐਫ. ਵਲੋਂ ਕਰਵਾਈ ਗਈ ਮੈਰਾਥਨ ਨੂੰ ਫ਼ਿਲਮੀ ਅਦਾਕਾਰ ਨਾਨਾ ਪਾਟੇਕਰ ਅਤੇ ਡੀ.ਜੀ. ਬੀ.ਐੱਸ.ਐਫ. ਪੰਕਜ ਕੁਮਾਰ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੈਰਾਥਨ ਵਿਚ ਲੜਕੀਆਂ, ਲੜਕੇ ਅਤੇ ਬਜ਼ੁਰਗ ਔਰਤਾਂ-ਮਰਦਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਦੌੜਾਕਾਂ ਦੀ ਸਹੂਲਤ ਲਈ ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਐਂਬੂਲੈਂਸ ਗੱਡੀਆਂ ਵੱਡੀ ਗਿਣਤੀ ਵਿਚ ਮੌਜੂਦ ਸਨ।
ਮੈਰਾਥਨ ਦੌੜ 42 ਕਿੱਲੋਮੀਟਰ ਗੋਲਡਨ ਗੇਟ ਅੰਮ੍ਰਿਤਸਰ ਤੋਂ ਅਟਾਰੀ ਸਰਹੱਦ ਤਕ ਦੂਸਰੀ 21 ਕਿੱਲੋ ਮੀਟਰ ਛੇਹਰਟਾ ਬਾਈਪਾਸ ਤੋਂ ਅਟਾਰੀ ਸਰਹੱਦ ਤਕ ਅਤੇ ਤੀਸਰੀ ਮੈਰਾਥਨ ਦੌੜ 5 ਕਿੱਲੋਮੀਟਰ ਕਾਉਂਕੇ ਮੋੜ ਸ਼ਹੀਦ ਦਲਬੀਰ ਸਿੰਘ ਰਣੀਕੇ ਆਈ.ਟੀ.ਆਈ. ਤੋਂ ਅਟਾਰੀ ਸਰਹੱਦ ਸਰਹੱਦ ਤਕ ਕਰਵਾਈ ਗਈ ਹੈ। ਇਨ੍ਹਾਂ ਤਿੰਨਾਂ ਦੌੜਾਂ ਵਿੱਚ ਬੀ.ਐਸ.ਐਫ ਦੇ ਜਵਾਨਾਂ ਤੋਂ ਇਲਾਵਾ ਸਰਹੱਦੀ ਪੱਟੀ ਦੇ ਜਵਾਨਾਂ ਅਤੇ ਨਿਵਾਸੀਆਂ ਨੇ ਵੀ ਭਾਗ ਲਿਆ। ਤਿੰਨੋਂ ਦੌੜਾਂ ਅਟਾਰੀ ਬਾਰਡਰ ਦੇ ਗੋਲਡਨ ਜੁਬਲੀ ਗੇਟ ‘ਤੇ ਸਮਾਪਤ ਹੋਈਆਂ।
ਪਦਮਸ਼੍ਰੀ ਨਾਨਾ ਪਾਟੇਕਰ ਨੇ ਇਸ ਦੌਰਾਨ ਨੌਜਵਾਨਾਂ ਨੂੰ ਸਕਾਰਾਤਮਕ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਤਾਂ ਜੋ ਉਹ ਸਹੀ ਦਿਸ਼ਾ ਵੱਲ ਵਧ ਸਕਣ। ਜੇਕਰ ਨੌਜਵਾਨਾਂ ਪ੍ਰਤੀ ਸਕਾਰਾਤਮਕ ਰਵੱਈਆ ਦਿਖਾਇਆ ਜਾਵੇ ਤਾਂ ਨੌਜਵਾਨੀ ਵਿੱਚ ਵੀ ਨਸ਼ਾ ਖਤਮ ਹੋ ਜਾਵੇਗਾ।
ਨਾਨਾ ਪਾਟੇਕਰ ਨੇ ਇਸ ਦੌਰਾਨ ਬੀਐਸਐਫ ਵੱਲੋਂ ਚੁੱਕੇ ਗਏ ਕਦਮ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਦੇ ਹਥਿਆਰਬੰਦ ਬਲ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਉਹ ਜ਼ਰੂਰ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਸਾਰੇ ਅੱਜ ਸਵੇਰੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਹਨ। ਇਹ ਭਾਵਨਾ ਸ਼ਲਾਘਾਯੋਗ ਹੈ।