ਗੁਰਦਾਸਪੁਰ, 6 ਅਕਤੂਬਰ 2022 – ਹੁਣ ਸਰਹੱਦੀ ਪਿੰਡਾਂ ਦੇ ਲੋਕ ਗੁਰਦਾਸਪੁਰ ‘ਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ‘ਤੇ ਵੀ ਨਜ਼ਰ ਰੱਖਣਗੇ। ਇਸ ਸਾਲ ਜੁਲਾਈ ‘ਚ ਡਰੋਨ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਡਰੋਨਾਂ ਦੀ ਰੋਜ਼ਾਨਾ ਆਵਾਜਾਈ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਲਗਾਤਾਰ ਖੇਪ ਤੋਂ ਬਾਅਦ ਹੁਣ ਸੀਮਾ ਸੁਰੱਖਿਆ ਬਲ ਨੇ ਪੂਰੇ ਇਲਾਕੇ ਵਿੱਚ 1 ਲੱਖ ਇਨਾਮ ਵਾਲੇ ਪੋਸਟਰ ਲਗਾਏ ਹਨ।
ਡਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ ਲਈ ਬੀਐਸਐਫ ਨੇ ਸਰਹੱਦ ਦੇ ਪਿੰਡਾਂ ਵਿੱਚ ਇੱਕ ਲੱਖ ਰੁਪਏ ਇਨਾਮ ਵਜੋਂ ਪੋਸਟਰ ਲਗਾਏ ਹਨ। ਬੀ.ਐਸ.ਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਮੇਟਲਾ, ਅਗਵਾਨ, ਬੋਹੜ ਪਠਾਣਾ, ਮੀਰਚਾਨਾ, ਮੋਮਨਪੁਰ, ਰੋਜ਼ਾ, ਪਕੀਵਾਂ, ਧੀਦੋਵਾਲ, ਬਰੀਲਾ, ਰੁੜਿਆਣਾ, ਦੋਸਤਪੁਰ, ਬੋਹੜ ਵਡਾਲਾ, ਚੌਦ ਖੁਰਦ ਆਦਿ ਦਰਜਨ ਦੇ ਕਰੀਬ ਪਿੰਡਾਂ ਵਿੱਚ ਪੋਸਟਰ ਲਗਾਏ ਹਨ। ਜਿਸ ਵਿੱਚ ਡਰੋਨ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਬੀਐਸਐਫ ਅਧਿਕਾਰੀਆਂ ਨੇ ਲੋਕਾਂ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਅਤੇ ਡਰੋਨਾਂ ਬਾਰੇ 9417809047, 9417901144, 9417809014, 9417809014, 9417809018, 9417901150, 01812239314350, 01817809047 ‘ਤੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਹੈਰੋਇਨ ਫੜਨ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲਿਆਂ ਦੇ ਨਾਂ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।