ਫਰੀਦਕੋਟ, 20 ਦਸੰਬਰ 2020 – ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਹੈ। ਅਜਿਹੇ ‘ਚ ਪਿਛਲੇ 50 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਬੀਐਸਐਫ ਦੇ ਜਵਾਨ ਸੁਰਜੀਤ ਸਿੰਘ ਦਾ ਪਰਿਵਾਰ ਵੀ ਕਿਸਾਨਾਂ ਦੇ ਸਮਰਥਨ ਲਈ ਦਿੱਲੀ ਰਵਾਨਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਾਲੇ ਜੱਥਾ ‘ਚ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ ਕੌਰ, ਉਨ੍ਹਾਂ ਦੇ ਬੇਟੇ ਅਮਰੀਕ ਸਿੰਘ ਸਮੇਤ ਸ਼ਹਿਰ ਦੇ ਕੁਝ ਹੋਰ ਸਾਬਕਾ ਸੈਨਿਕਾਂ ਦੇ ਪਰਿਵਾਰ, ਦੋਸਤ ਅਤੇ ਰਿਸ਼ਤੇਦਾਰਾਂ ਵੀ ਸ਼ਾਮਲ ਹਨ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾਂ ਦਾ ਫੌਜੀ ਸੁਰਜੀਤ ਸਿੰਘ ਸ਼ਾਂਭਾ ਸੈਕਟਰ ਵਿਚ ਭਾਰਤ ਪਾਕਿਸਤਾਨ ਸੀਮਾਂ ਤੇ ਤੈਨਾਤ ਸੀ। 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਸੁਰਜੀਤ ਸਿੰਘ ਲਾਪਤਾ ਹੋ ਗਿਆ ਸੀ ਜਿਸ ਨੂੰ ਬਾਅਦ ਵਿਚ ਭਾਰਤੀ ਫੌਜ ਨੇ ਸਹੀਦ ਐਲਾਨ ਦਿੱਤਾ ਸੀ। ਬੀਐਸਐਫ ਦੇ ਜਵਾਨ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਭਾਰਤ-ਪਾਕਿ ਜੰਗ ਦੌਰਾਨ ਲਾਪਤਾ ਹੋ ਗਏ ਸਨ। 300 ਸਾਲਾ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਰਿਹਾ ਕੀਤੇ ਗਏ ਭਾਰਤੀ ਕੈਦੀਆਂ ਨੇ ਸੁਰਜੀਤ ਸਿੰਘ ਦੇ ਜਿੰਦਾ ਹੋਣ ਅਤੇ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਹੋਣ ਬਾਰੇ ਪਰਿਵਾਰ ਨੂੰ ਦੱਸਿਆ ਸੀ। ਜਿਸ ਤੋਂ ਬਾਅਦ ਅੱਜ ਕਈ ਸਾਲ ਬੀਤ ਜਾਣ ਬਾਅਦ ਵੀ ਪਰਿਵਾਰ ਦੀਆਂ ਲੱਖ ਕੋਸਿਸਾਂ ਦੇ ਬਾਵਜੂਦ ਸੁਰਜੀਤ ਸਿੰਘ ਦੀ ਰਿਹਾਈ ਲਈ ਕੋਈ ਰਾਹ ਨਹੀਂ ਖੁਲ੍ਹਿਆ। ਗੱਲਬਾਤ ਕਰਦਿਆਂ ਸੁਰਜੀਤ ਸਿੰਘ ਦੇ ਪੁਤਰ ਜੋ ਉਸ ਸਮੇਂ ਮਹਿਜ ਡੇਢ ਕੁ ਮਹੀਨੇ ਦਾ ਸੀ ਜਦ ਸੁਰਜੀਤ ਸਿੰਘ ਲਾਪਤਾ ਹੋਇਆ ਸੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਬਹੁਤ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਹੋਈ ਸੀ ਅਤੇ ਉਹਨਾਂ ਨੇ ਸੁਰਜੀਤ ਸਿੰਘ ਦੇ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੋਣ ਦੀ ਪੁਸ਼ਟੀ ਵੀ ਕੀਤੀ ਸੀ। ਪਰ ਭਾਰਤ ਸਰਕਾਰ ਵੱਲੋਂ ਕੋਈ ਬਹੁਤੀ ਤਵੱਜੋਂ ਨਾਂ ਦਿੱਤੇ ਜਾਣ ਦੇ ਚਲਦੇ ਉਸ ਦਾ ਪਿਤਾ ਅੱਜ ਤੱਕ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ।