ਅੰਮ੍ਰਿਤਸਰ, 21 ਮਈ 2023 – ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦੂਜੇ ਦਿਨ ਵੀ ਬੀਐਸਐਫ ਨੇ ਪਾਕਿ ਤਸਕਰਾਂ ਵੱਲੋਂ ਭਾਰਤੀ ਸਰਹੱਦ ਵੱਲ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਡਰੋਨ ਨੂੰ ਢੇਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। BSF ਜਵਾਨਾਂ ਨੇ ਦੋ ਦਿਨਾਂ ਵਿੱਚ ਇਹ ਚੌਥਾ ਡਰੋਨ ਡੇਗਿਆ ਹੈ। ਇਸ ਦੇ ਨਾਲ ਹੀ 4 ‘ਚੋਂ ਤਿੰਨ ਡਰੋਨ ਇੱਕੋ ਕਿਸਮ ਦੇ ਹਨ, ਜਦਕਿ ਇਕ ਡਰੋਨ ਪਾਕਿਸਤਾਨੀ ਸਰਹੱਦ ‘ਚ ਡਿੱਗਿਆ ਹੈ।
ਅੰਮ੍ਰਿਤਸਰ ਦੇ ਅਟਾਰੀ ਸਰਹੱਦ ਨੇੜੇ ਪੁਲ ਮੌਰਾਂ ਬੀਓਪੀ ਨੇੜੇ BSF ਜਵਾਨਾਂ ਨੇ ਡਰੋਨ ਨੂੰ ਡੇਗ ਦਿੱਤਾ। ਘਟਨਾ ਰਾਤ ਕਰੀਬ 9 ਵਜੇ ਵਾਪਰੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਫਿਰ ਰਾਤ 9 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਹਰਕਤ ਮਹਿਸੂਸ ਕੀਤੀ ਗਈ।
ਆਵਾਜ਼ ਸੁਣ ਕੇ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਆਵਾਜ਼ ਮਿਲੀ, ਪਰ ਵਾਪਸ ਜਾਣ ਦੀ ਆਵਾਜ਼ ਮਹਿਸੂਸ ਨਹੀਂ ਹੋਈ। ਜਿਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।
ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੁਲ-ਮੌਰਾਂ ਦੇ ਖੇਤਾਂ ‘ਚੋਂ ਡਰੋਨ ਨੂੰ ਬਰਾਮਦ ਕੀਤਾ ਗਿਆ। ਡਰੋਨ ਨਾਲ ਪੀਲੇ ਰੰਗ ਦਾ ਇੱਕ ਵੱਡਾ ਪੈਕਟ ਬੰਨ੍ਹਿਆ ਹੋਇਆ ਸੀ। ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਖੋਲ੍ਹਿਆ ਨਹੀਂ ਗਿਆ ਹੈ।
ਬੀਤੇ ਦਿਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸੈਕਟਰ ਵਿੱਚ ਹੀ ਬੀਐਸਐਫ ਨੇ ਇੱਕੋ ਰਾਤ ਵਿੱਚ ਤਿੰਨ ਡਰੋਨਾਂ ਨੂੰ ਡੇਗ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਿਸ ਵਿੱਚੋਂ ਇੱਕ ਡਰੋਨ ਧਾਰੀਵਾਲ ਵਿੱਚ, ਦੂਜਾ ਰਤਨ ਖੁਰਦ ਵਿੱਚ ਸੁੱਟਿਆ ਗਿਆ। ਜਦਕਿ ਤੀਜਾ ਡਰੋਨ ਪਾਕਿਸਤਾਨੀ ਸਰਹੱਦ ‘ਚ ਡਿੱਗਿਆ।
ਪਿਛਲੇ ਦੋ ਦਿਨਾਂ ਵਿੱਚ ਸੁੱਟੇ ਗਏ ਡਰੋਨ ਇੱਕੋ ਕਿਸਮ ਦੇ ਸਨ, ਕਵਾਡਕੋਪਟਰ DJI ਮੈਟ੍ਰਿਕਸ 300 RTK। ਜੋ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਛੋਟੀਆਂ ਅਤੇ ਘੱਟ ਵਜ਼ਨ ਦੀਆਂ ਖੇਪਾਂ ਲੈਣ ਲਈ ਕਰਦੇ ਹਨ। ਇਹ ਖੇਪ 3 ਤੋਂ 5 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹਨ।