ਅੰਮ੍ਰਿਤਸਰ, 16 ਅਪ੍ਰੈਲ 2023 – ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਰਾਤ ਸਮੇਂ ਪਾਕਿਸਤਾਨ ਤੋਂ ਆਏ ਡਰੋਨ ਨੂੰ ਭਜਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਕਰੀਬ 21 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਬੀਐਸਐਫ ਵੱਲੋਂ ਜਾਰੀ ਸੂਚਨਾ ਅਨੁਸਾਰ ਬਟਾਲੀਅਨ 22 ਦੇ ਜਵਾਨ ਅਟਾਰੀ ਸਰਹੱਦ ਨੇੜੇ ਧਨੋਆ ਕਲਾਂ ਵਿੱਚ ਗਸ਼ਤ ’ਤੇ ਸਨ। ਰਾਤ ਕਰੀਬ 8:22 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਈ ਦੌਰ ਦੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ। ਜਿਸ ਤੋਂ ਬਾਅਦ ਧਨੋਆ ਕਲਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ।
ਬੀਐਸਐਫ ਜਵਾਨਾਂ ਨੂੰ ਖੇਤਾਂ ਵਿੱਚ ਪਿਆ ਇੱਕ ਪੈਕੇਟ ਮਿਲਿਆ। ਜਿਸ ‘ਤੇ ਹੁੱਕ ਅਤੇ ਪੀਲੀ ਟੇਪ ਲੱਗੀ ਹੋਈ ਸੀ। ਇਸ ਦੇ ਨਾਲ ਬਲਿੰਕਰ ਵੀ ਫਿੱਟ ਕੀਤੇ ਗਏ ਸਨ, ਤਾਂ ਜੋ ਸਮੱਗਲਰਾਂ ਨੂੰ ਖੇਪ ਡਿੱਗਣ ਤੋਂ ਬਾਅਦ ਉਸ ਦੀ ਸਥਿਤੀ ਦਾ ਪਤਾ ਲੱਗ ਸਕੇ। ਪਰ ਇਸ ਤੋਂ ਪਹਿਲਾਂ ਹੀ ਬੀਐਸਐਫ ਜਵਾਨਾਂ ਨੇ ਇਹ ਖੇਪ ਦੇਖ ਲਿਆ।
ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਜਵਾਨਾਂ ਨੂੰ ਉਸ ਵਿੱਚ ਹੈਰੋਇਨ ਦੇ ਤਿੰਨ ਪੈਕੇਟ ਮਿਲੇ। ਜਿਸ ਦਾ ਕੁੱਲ ਵਜ਼ਨ 3 ਕਿਲੋ ਅਨੁਮਾਨਿਤ ਸੀ। ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਅੰਮ੍ਰਿਤਸਰ ਬਾਰਡਰ ‘ਤੇ ਦੋ ਦਿਨਾਂ ‘ਚ ਇਹ ਦੂਜੀ ਸਫਲਤਾ ਹੈ। ਬੀਤੇ ਦਿਨੀਂ ਪਾਕਿਸਤਾਨੀ ਤਸਕਰਾਂ ਨੇ ਅੰਮ੍ਰਿਤਸਰ ਦੇ ਪਿੰਡ ਬੱਚੀਵਿੰਡ ਵੱਲ ਡਰੋਨ ਭੇਜ ਦਿੱਤਾ ਸੀ। ਇੱਥੇ ਵੀ ਬੀਐਸਐਫ ਦੇ ਜਵਾਨਾਂ ਨੇ ਉਸ ਦਾ ਪਿੱਛਾ ਕਰਕੇ ਗੋਲੀਬਾਰੀ ਕੀਤੀ ਅਤੇ ਬਚੀਵਿੰਡ ਤੋਂ 3.2 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ।