ਚੰਡੀਗੜ੍ਹ 29 ਮਾਰਚ 2022 – ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੈਕਸ ਨਾ ਦੇਣ ਵਾਲੇ ਬੱਸ ਅਪਰੇਟਰ ਜਲਦੀ ਹੀ ਟੈਕਸ ਜਮ੍ਹਾ ਕਰਵਾਉਣ। ਨਹੀਂ ਤਾਂ, ਉਨ੍ਹਾਂ ਨੂੰ ਬੱਸਾਂ ਦੇ ਨਵੇਂ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਰਕਾਰ ਉਨ੍ਹਾਂ ਦਾ ਬੱਸ ਪਰਮਿਟ ਰੱਦ ਕਰ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਦੀ ਮੰਗ ਦੇ ਮੱਦੇਨਜ਼ਰ ਪੱਟੀ-ਮਾਤਾ ਚਿੰਤਪੁਰਨੀ-ਜਵਾਲਾ ਜੀ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਟਰਾਂਸਪੋਰਟ ਸਕੱਤਰ ਕੇ ਸਿਵਾ ਪ੍ਰਸਾਦ ਨੂੰ ਕਿਹਾ ਕਿ ਇਹ ਕੰਮ ਜਲਦੀ ਪੂਰਾ ਕੀਤਾ ਜਾਵੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਹੁਣ ਬਾਇਓਮੀਟ੍ਰਿਕ ਹਾਜ਼ਰੀ ਪੂਰੀ ਤਰ੍ਹਾਂ ਲਾਗੂ ਹੋਵੇਗੀ। ਇਸ ਨਾਲ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਕੰਮ ਵਿੱਚ ਪਾਰਦਰਸ਼ਤਾ ਵੀ ਆਵੇਗੀ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਰ ਸਮੇਂ ਦਫ਼ਤਰ ਵਿੱਚ ਹਾਜ਼ਰ ਰਹਿਣਾ ਹੋਵੇਗਾ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਅੰਦਰੋਂ ਹੀ ਚੱਲਣੀਆਂ ਚਾਹੀਦੀਆਂ ਹਨ। ਜੇਕਰ ਕੋਈ ਬਾਹਰੋਂ ਬੱਸਾਂ ਲਿਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਪਰਮਿਟ ਜਾਰੀ ਕੀਤੇ ਜਾਣਗੇ । ਘੱਟ ਦੂਰੀ ਦੇ ਪਰਮਿਟਾਂ ‘ਤੇ ਲੰਬੀ ਦੂਰੀ ‘ਤੇ ਚਲਾਈਆਂ ਜਾ ਰਹੀਆਂ ਬੱਸਾਂ ਦੇ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਇਸ ਦੌਰਾਨ ਮੰਤਰੀ ਨੇ ਚੰਡੀਗੜ੍ਹ ਸਥਿਤ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਦਫਤਰਾਂ ਵਿੱਚ ਬਣਾਏ ਗਏ ਬੱਸ ਟਰੈਕਿੰਗ ਮੋਨੀਟਰਿੰਗ ਸਿਸਟਮ ਦਾ ਵੀ ਜਾਇਜ਼ਾ ਲਿਆ। ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਣਾਲੀ ਪਨਬੱਸ ਅਤੇ ਪੰਜਾਬ ਰੋਡਵੇਜ਼ ਦੀਆਂ 1,354 ਬੱਸਾਂ ‘ਤੇ ਲਾਗੂ ਕੀਤੀ ਗਈ ਹੈ। ਇਸ ਨਾਲ ਬੱਸਾਂ ਦੀ ਰਫ਼ਤਾਰ, ਰਾਤ ਸਮੇਂ ਰੁਕਣ, ਬ੍ਰੇਕ ਲਗਾਉਣ, ਰੂਟ ਬਦਲਣ, ਨਿਸ਼ਚਿਤ ਸਟਾਪ ‘ਤੇ ਨਾ ਰੁਕਣ, ਸ਼ਹਿਰ ਤੋਂ ਬਾਹਰ ਜਾਣ, ਢਾਬੇ ‘ਤੇ ਲੰਮਾ ਸਮਾਂ ਰੁਕਣ ਵਰਗੀਆਂ ਸਥਿਤੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ |