-ਅੱਡਾ ਇੰਚਾਰਜ ਨੂੰ ਕੀਤਾ ਤਲਬ, ਸਫਾਈ ਪ੍ਰਬੰਧ ਸੁਧਾਰਨ ਦੀ ਵੀ ਕੀਤੀ ਹਦਾਇਤ
ਅੰਮ੍ਰਿਤਸਰ, 4 ਮਈ 2022 – ਅੱਜ ਸਵੇਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ, ਜਿੰਨਾ ਵੱਲੋਂ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਅੱਡੇ ਉਤੇ ਬੱਸਾਂ ਨਾ ਰੁਕਣ ਕਾਰਨ ਅੱਡਾ ਇੰਚਾਰਜ ਦੀ ਡਿਊਟੀ ਲਗਵਾਈ ਗਈ ਸੀ, ਵੱਲੋਂ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਬੱਚੇ, ਔਰਤਾਂ ਅਤੇ ਮੁਲਾਜਮ ਅੱਡੇ ਉਤੇ ਬੱੱਸਾਂ ਉਡੀਕ ਰਹੇ ਹਨ, ਪਰ 2 ਬੱੱਸਾਂ ਅੱਡੇ ਉਤੇ ਨਾ ਆ ਕੇ ਪੁੱਲ ਦੇ ਉਪਰ ਦੀ ਲੰਘ ਗਈਆਂ, ਜਿਸਦਾ ਮੰਤਰੀ ਸਾਹਿਬ ਨੇ ਗੰਭੀਰ ਨੋਟਿਸ ਲਿਆ ਅਤੇ ਤਰੁੰਤ ਅੱਡੇ ਉਤੇ ਤਾਇਨਾਤ ਅੱਡਾ ਇੰਚਾਰਜ ਨੂੰ ਤਲਬ ਕਰਦੇ ਹੋਏ ਜਨਰਲ ਮੈਨੇਜਰ ਨੂੰ ਉਸਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੱਸ ਅੱਡੇ ਦੇ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਸਬੰਧਤ ਸਫਾਈ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਜਨਤਕ ਥਾਵਾਂ ਦੀ ਸਫਾਈ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਇਸ ਮੌਕੇ ਸਵਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਤੁਹਾਡੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਬੱਸ ਅੱਡੇ ਉਤੇ ਲਗਾਤਾਰ ਨਜਰ ਰੱਖਣ ਲਈ ਭਵਿੱਖ ਵਿੱਚ ਵੀ ਜਾਂਚ ਕਰਦੇ ਰਹਿਣਗੇ।
ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ 1 ਸ: ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਡਿਊਟੀ ਤੇ ਗੈਰ ਹਾਜਿਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਨਿਯਮਾਂ ਅਨੂਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲਰ ਜੰਡਿਆਲਾ ਦੇ ਸ੍ਰੀ ਹਰੀਸ਼ ਸੇਠੀ ਵੀ ਹਾਜ਼ਰ ਸਨ।