- ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਮਿਲਿਆ
ਕਪੂਰਥਲਾ, 2 ਅਪ੍ਰੈਲ 2023 – ਕਪੂਰਥਲਾ ਜ਼ਿਲੇ ਦੇ ਮੋਠਾਂਵਾਲ ਚੌਕੀ ਖੇਤਰ ਦੇ ਪਿੰਡ ਕੁਲਾਰ ‘ਚ 4 ਵਿਅਕਤੀਆਂ ਵਲੋਂ ਸਾਢੇ 3 ਮਹੀਨੇ ਦੀ ਗਾਂ ਦੀ ਵੱਛੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਗਾਂ ਦੇ ਮਾਲਕ ਦੀ ਸ਼ਿਕਾਇਤ ‘ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਾਇਣ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੁਲਾਰ ਨਕੋਦਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ 31 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੇ ਪਸ਼ੂਆਂ ਵਾਲੇ ਘਰ ਗਿਆ ਸੀ। ਇਸ ਦੌਰਾਨ ਉਸ ਦਾ ਸਾਢੇ 3 ਮਹੀਨੇ ਦੀ ਲਾਲ ਰੰਗ ਦੀ ਸਾਹੀਵਾਲ ਵੱਛੀ ਉੱਥੇ ਮੌਜੂਦ ਨਹੀਂ ਸੀ। ਉਸ ਨੇ ਕਈ ਥਾਵਾਂ ‘ਤੇ ਭਾਲ ਕੀਤੀ, ਪਰ ਉਹ ਨਹੀਂ ਮਿਲੀ।
ਮੇਹਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਨੇ ਦੱਸਿਆ ਕਿ ਸੀਤਾ ਪੁੱਤਰ ਪ੍ਰਮੋਦ ਰਿਸ਼ੀਦੇਵ ਪੁੱਤਰ ਸੀਤਾ ਰਾਮ ਵਾਸੀ ਲਾਡੂਗੜ੍ਹ, ਜ਼ਿਲ੍ਹਾ ਪੂਨੀਆ ਬਿਹਾਰ, ਅਰਵਿੰਦ ਕੁਮਾਰ ਪੁੱਤਰ ਸੁਨੀਲ ਰਿਸ਼ੀਦੇਵ ਵਾਸੀ ਪਿੰਡ ਲਾਡੂਗੜ੍ਹ ਸਵੇਰੇ 11 ਵਜੇ ਦੇ ਕਰੀਬ ਗਾਂ ਦੀ ਵੱਛੀ ਨੂੰ ਖਿੱਚ ਕੇ ਲੈ ਜਾ ਰਹੇ ਸਨ।
ਉਨ੍ਹਾਂ ਦੇ ਪਿੱਛੇ ਸੁਬੇ ਕੁਮਾਰ ਪੁੱਤਰ ਰਾਜੇ ਰਿਸ਼ੀ ਵਾਸੀ ਹਰੀਮੁੜੀ ਜ਼ਿਲ੍ਹਾ ਪੂਨੀਆ ਬਿਹਾਰ, ਜਤਿੰਦਰ ਰਿਸ਼ੀ ਪੁੱਤਰ ਕਲਸੀ ਰਿਸ਼ੀ ਵਾਸੀ ਲਾਡੂਗੜ੍ਹ ਪਿੰਡ ਤੇਟਾੜੀ, ਕਲਸੀ ਰਿਸ਼ੀ ਵਾਸੀ ਹਰੀਮੁੜੀ ਜ਼ਿਲ੍ਹਾ ਪੂਨੀਆ ਬਿਹਾਰ ਵੀ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਹੇ ਸਨ। ਸਾਰੇ ਪਰਵਾਸੀ ਉਸ ਦੇ ਭਰਾ ਗੁਰਦੇਵ ਸਿੰਘ ਦੇ ਘਰ ਕਿਰਾਏ ’ਤੇ ਰਹਿ ਰਹੇ ਸਨ। ਉਸ ਨੇ ਆਪਣੇ ਭਰਾ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਪਰ ਉਪਰੋਕਤ ਚਾਰੇ ਉੱਥੇ ਮੌਜੂਦ ਨਹੀਂ ਸਨ।
ਸ਼ਾਮ ਕਰੀਬ 6.30 ਵਜੇ ਉਨ੍ਹਾਂ ਨੂੰ ਗੁਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੁਲਾਰ ਦਾ ਫੋਨ ਆਇਆ ਕਿ ਜਗਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਮੋਠਾਂਵਾਲ ਚੌਕੀ ਇਲਾਕੇ ‘ਚ ਪਈ ਮੋਟਰ ‘ਚ ਤੁਹਾਡੀ ਗਾਂ ਦੀ ਵੱਛੀ ਪਰੀ ਪਈ ਹੈ | ਜਦੋਂ ਉਹ ਪਹੁੰਚਿਆ ਤਾਂ ਦੇਖਿਆ ਕਿ ਸਾਹੀਵਾਲ ਗਾਂ ਦੀ ਵੱਛੀ ਮਰੀ ਪਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨਾਲ ਜਿਨਸੀ ਸ਼ੋਸ਼ਣ (ਬਲਾਤਕਾਰ) ਕੀਤਾ ਗਿਆ ਹੈ। ਉਸ ਦਾ ਵੀ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
ਮਾਮਲੇ ਦੀ ਪੁਸ਼ਟੀ ਕਰਦਿਆਂ ਮੋਠਾਂਵਾਲ ਚੌਕੀ ਦੇ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।