ਚੰਡੀਗੜ੍ਹ, 9 ਅਗਸਤ 2025 – ਕੈਨੇਡਾ ‘ਚ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ। ਨੌਜਵਾਨ ਕੈਨੇਡਾ ਦੇ ਵਿਨੀਪੈਗ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਪਛਾਣ 23 ਸਾਲਾ ਮਨਚਲਪ੍ਰੀਤ ਸਿੰਘ ਵੱਜੋਂ ਹੋਈ ਹੈ। ਮਨਚਲਪ੍ਰੀਤ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ।
ਮਨਚਲਪ੍ਰੀਤ ਦੇ ਗੁੰਮਸ਼ੁਦਗੀ ਤੋਂ ਬਾਅਦ ਉਸ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ ਸੀ। 5 ਫੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮਨਚਲਪ੍ਰੀਤ ਸਿੰਘ ਸੇਖੋਂ ਅਕਸਰ ਹੀ ਸੇਂਟ ਵਾਇਟਲ ਪਾਰਕ, ਬਰਡਜ਼ ਹਿਲ ਪਾਰਕ ਅਤੇ ਦੱਖਣੀ ਵਿੰਨੀਪੈਗ ਦੇ ਇਲਾਕਿਆਂ ਵੱਲ ਆਉਂਦਾ-ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਘ-ਸੁੱਘ ਨਾ ਲੱਗ ਸਕੀ।
ਪਿਛਲੇ ਦਿਨੀਂ ਮੈਨੀਟੋਬਾ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਜਿਸਦੀ ਪਛਾਣ ਕਰਨੀ ਸੰਭਵ ਨਹੀਂ ਸੀ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਆਰ.ਸੀ.ਐਮ.ਪੀ. ਵੱਲੋਂ ਲਾਸ਼ ਦਾ ਡੀ.ਐਨ.ਏ. ਨਮੂਨਾ ਲੈ ਕੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ, ਜੋ ਮੇਲ ਖਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਨਚਲਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿੱਤੀ।

