ਨਵਾਂਸ਼ਹਿਰ, 30 ਮਾਰਚ 2022 – ਡਿਪਟੀ ਕਮਿਸ਼ਨਰ-ਕਮ -ਜ਼ਿਲ੍ਹਾ ਚੋਣ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਧਾਨ ਸਭਾ ਚੋਣਾਂ-2022 ਲਈ ਚੋਣ ਲੜਨ ਵਾਲੇ ਜ਼ਿਲ੍ਹੇ ਦੇ ਸਾਰੇ ਹੀ ਉਮੀਦਵਾਰਾਂ ਨੂੰ ਚੋਣ ਖਰਚੇ ਦਾ ਰਿਕਾਰਡ ਮਿਤੀ 3 ਅਪ੍ਰੈਲ, 2022 ਨੂੰ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਮੀਦਵਾਰ ਨੂੰ ਭਵਿੱਖ ਵਿੱਚ ਚੋਣ ਲੜਨ ਤੋਂ ਅਯੋਗ ਕਰਾਰ ਵੀ ਦਿੱਤਾ ਜਾ ਸਕਦਾ ਹੈ। ਜ਼ਿਲ੍ਹੇ ਵਿੱਚ ਪੈਂਦੇ ਤਿੰਨੇ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵੋਟਾਂ ਮਿਤੀ 20 ਫਰਵਰੀ, 2022 ਨੂੰ ਪਈਆਂ ਸਨ ਅਤੇ ਨਤੀਜਾ ਮਿਤੀ 10 ਮਾਰਚ ਨੂੰ ਜਾਰੀ ਹੋਇਆ ਸੀ। ਜ਼ਿਲ੍ਹਾ ਚੋਣ ਅਫਸਰ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਸਮੇਂ ਚੋਣ ਖਰਚੇ ਦਾ ਹਿਸਾਬ ਰੱਖਣ ਲਈ ਰਜਿਸਟਰ ਦੇਣ ਤੋਂ ਇਲਾਵਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਇਸ ਸਬੰਧੀ ਟ੍ਰੇਨਿੰਗ ਵੀ ਦਿੱਤੀ ਗਈ ਸੀ।
ਜ਼ਿਲ੍ਹਾ ਚੋਣ ਅਫਸਰ ਜੀ ਨੇ ਦੱਸਿਆ ਕਿ ਜਨ ਪ੍ਰਤੀਨਿਧੀ ਐਕਟ 1950 ਦੀ ਧਾਰਾ 78 ਦੇ ਅਨੁਸਾਰ ਚੋਣ ਲੜ ਰਹੇ ਸਾਰੇ ਉਮੀਦਵਾਰ ਆਪਣੇ-ਆਪਣੇ ਚੋਣ ਖਰਚੇ ਦਾ ਹਿਸਾਬ-ਕਿਤਾਬ ਚੋਣ ਨਤੀਜਾ ਆਉਣ ਤੋਂ ਬਾਅਦ, 30 ਦਿਨਾਂ ਦੇ ਅੰਦਰ ਅੰਦਰ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਣਗੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਈ.ਪੀ.ਸੀ. 1860 ਦੀ ਧਾਰਾ 171-1 ਦੇ ਅਧੀਨ ਸਜ਼ਾ ਦੇ ਭਾਗੀਦਾਰ ਹੋਣਗੇ। ਚੋਣ ਖਰਚੇ ਦਾ ਸਹੀ ਰਿਕਾਰਡ ਨਾ ਦੇਣ ਦੀ ਸੂਰਤ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਉਮੀਦਵਾਰ ਨੂੰ ਜਨ ਪ੍ਰਤੀਨਿਧੀ ਐਕਟ 1951 ਦੀ ਧਾਰਾ 10 ਏ ਅਧੀਨ ਆਯੋਗ ਕਰਾਰ ਦਿੱਤਾ ਜਾ ਸਕਦਾ ਹੈ।