- ਕੈਪਟਨ ਅਤੇ ਮਨਪ੍ਰੀਤ ਜੁਮਲੇਬਾਜ ਸਿੱਧ ਹੋਏ : ਪ੍ਰਿੰਸੀਪਲ ਬੁੱਧ ਰਾਮ
ਚੰਡੀਗੜ੍ਹ,6 ਜਨਵਰੀ 2021 – ਪੰਜਾਬ ਸਰਕਾਰ ਵੱਲੋਂ ਛੇਵਾਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਮੁਲਾਜ਼ਮਾਂ ਨੂੰ ਲਗਾਏ ਜਾ ਰਹੇ ਲਾਅਰਿਆ ਦੀ ਆਮ ਆਦਮੀ ਪਾਰਟੀ ਨੇ ਸਖਤ ਨਿੰਦਿਆ ਕੀਤੀ ਹੈ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਸਾਂਝੇ ਬਿਆਨ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭਜ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਾਰ ਵਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਛੇਵਾਂ ਤਨਖਾਹ ਕਮਿਸ਼ਨ ਦੇਣ ਦੇ ਅਨੇਕਾਂ ਵਾਰ ਵਾਅਦੇ ਕੀਤੇ ਗਏ ਜੋ ਵਫਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਾਦਲ ਸਰਕਾਰ ਸਮੇਂ ਬੈਠਾਇਆ ਗਿਆ ਕਮਿਸ਼ਨ ਅੱਜ ਤੱਕ ਲਟਕਿਆ ਪਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਜੁਮਲੇਬਾਜ ਸਿੱਧ ਹੋ ਰਹੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਪੰਜਾਬ ਦੇ ਮੰਤਰੀ ਨੇ ਵਾਅਦਾ ਕਰਕੇ ਮੁਕਰਨ ਵਿੱਚ ਚੰਗੀ ਮੁਹਾਰਤ ਹਾਸਲ ਕਰ ਲਈ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਬਾਦਲਾਂ ਤੇ ਕੈਪਟਨ ਦਾ ਸਾਂਝਾ ਵਿੱਤ ਮੰਤਰੀ ਹੈ ਜੋ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਮੁਲਾਜ਼ਮਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਉੱਤੇ ਟੈਕਸ ਲਗਾਉਣ ਦੀਆਂ ਹੀ ਚਾਲਾਂ ਚਲਦੇ ਰਹਿੰਦੇ ਹਨ।
‘ਆਪ’ ਆਗੂਆਂ ਨੇ ਕਿਹਾ ਵਿਧਾਨ ਸਭਾ ਚੋਣਾਂ ਦੌਰਾਨ ਤਨਖਾਹ ਕਮਿਸ਼ਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ‘ਤੇ ਵੀ ਇਸ ਨੂੰ ਲਾਗੂ ਨਹੀਂ ਕਰ ਸਕੀ। ਸਾਲ 2019 ਦੀ ਦੀਵਾਲੀ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਵੱਲੋਂ ਕੀਤੇ ਸੰਘਰਸ਼ ਦੌਰਾਨ ਦਸੰਬਰ 2019 ਤੱਕ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ ਸੀ, ਜਿਸ ਨੂੰ ਬਾਅਦ ਵਿੱਚ ਫਰਵਰੀ 2020 ਦੇ ਬਜਟ ਸੈਸ਼ਨ ਤੱਕ ਟਾਲ ਦਿੱਤਾ ਗਿਆ। ਪੰਜਾਬ ਦੇ 10 ਲੱਖ ਦੇ ਕਰੀਬ ਮੁਲਾਜ਼ਮ ਸੋਧੇ ਹੋਏ ਤਨਖਾਹ ਕਮਿਸ਼ਨ ਤੋਂ ਵਾਂਝੇ ਹਨ, ਉਥੇ ਹੀ ਪੈਨਸ਼ਰਾਂ ਨੂੰ ਵੀ ਸੋਧੀ ਹੋਈ ਪੈਨਸ਼ਨ ਜਾਂ ਮਹਿੰਗਾਈ ਭੱਤਾ ਨਹੀਂ ਮਿਲ ਰਿਹਾ।
‘ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਗਏ ਸਾਰੇ ਵਾਦਿਆਂ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਸੜਕਾਂ ਉੱਤੇ ਰੁਲ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਆਪਣੇ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਚਹੇਤੇ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਮੁਲਾਜ਼ਮਾਂ ਨੂੰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ।