.. ‘ਆਪ’ ਅੰਨਦਾਤਾ ਨਾਲ, ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਲੋੜ ਨਹੀਂ : ਹਰਪਾਲ ਸਿੰਘ ਚੀਮਾ
.. ਜਾਗਰੂਕ ਹੋਏ ਕਿਸਾਨ ਭਾਜਪਾਈਆਂ, ਕਾਂਗਰਸੀਆਂ ਨੂੰ ਖਤਰਨਾਕ ਲੱਗਣ ਲੱਗੇ
ਚੰਡੀਗੜ੍ਹ, 3 ਜਨਵਰੀ 2021 – ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਸੁਰੱਖਿਆ ਵਧਾਉਣ ਅਤੇ ਕਾਂਗਰਸ ਤੇ ‘ਆਪ’ ਦੇ ਆਗੂਆਂ ਦੀ ਸੁਰੱਖਿਆ ਰੀਵਿਊ ਕਰਨ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਸਗੋਂ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਉਨਾਂ ਦੇ ਕਾਂਗਰਸੀਆਂ ਨੂੰ ਹੋਰ ਸੁਰੱਖਿਆ ਦੀ ਲੋੜ ਹੈ ਤਾਂ ਉਹ ਆਪ ਆਗੂਆਂ ਨੂੰ ਦਿੱਤੀ ਸੁਰੱਖਿਆ ਹਟਾ ਕੇ ਉਨਾਂ ਨੂੰ ਦੇ ਸਕਦੇ ਹਨ। ਉਨਾਂ ਕਿਹਾ ਕਿ ਅਜਿਹੀਆ ਚਾਲਾਂ ਨਾਲ ਕੈਪਟਨ ਸਰਕਾਰ ਇਹ ਸਿੱਧ ਕਰਨਾ ਚਾਹੁੰਦੀ ਹੈ ਕਿ ਕਿਸਾਨ ਭਾਜਪਾ ਦੇ ਕਾਂਗਰਸੀ ਨੇਤਾਵਾਂ ਉੱਤੇ ਹਮਲੇ ਕਰ ਰਹੇ ਹਨ ਜਦਕਿ ਇਹ ਆਮ ਲੋਕਾਂ ਦਾ ਇਨਾਂ ਨੇਤਾਵਾਂ ਪ੍ਰਤੀ ਗੁੱਸਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਕਾਰੋਬਾਰੀਆਂ ਦੇ ਨਾਲ ਹੈ। ‘ਆਪ’ ਆਗੂਆਂ ਨੂੰ ਅੰਨੇਦਾਤੇ ਤੋਂ ਕੋਈ ਖਤਰਾ ਨਹੀਂ ਹੈ। ‘ਆਪ’ ਕਿਸਾਨਾਂ ਦੇ ਅੰਦੋਲਨ ’ਚ ਨਾਲ ਖੜੀ ਹੈ ਇਸ ਲਈ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ। ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵੱਲੋਂ ਪਿੱਛਲੇ ਸਮੇਂ ਤੋਂ ਲੋਕਾਂ ਨੂੰ ਕੁਚਲਣ ਲਈ ਬਣਾਈਆਂ ਗੰਦੀਆਂ ਨੀਤੀਆਂ ਕਰਕੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ। ਉਨਾਂ ਕਿਹਾ ਕਿ ਅੱਜ ਜਦੋਂ ਕਾਂਗਰਸ, ਭਾਜਪਾ ਦੀਆਂ ਮਾਰੂ ਚਾਲਾਂ ਤੋਂ ਲੋਕ ਜਾਗਰੂਕ ਹੋ ਗਏ ਤਾਂ ਹੁਣ ਇਨਾਂ ਨੂੰ ਲੋਕਾਂ ਤੋਂ ਖਤਰਾ ਲੱਗਣ ਲੱਗ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਲੋਕ ਵਿਰੋਧੀ ਨੀਤੀਆਂ ਕਰਕੇ ਹੀ ਅੱਜ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਚੀਮਾ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਦੀ ਸੁਰੱਖਿਆ ਵਧਾਉਣ ਦੀ ਥਾਂ ਉਹ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਕਿਸਾਨ ਅੰਦੋਲਨ ਦਾ ਕੋਈ ਹੱਲ ਕਿਉਂ ਨਹੀਂ ਲੱਭਣ ਦੇ ਯਤਨ ਕਰਦੇ? ਕੀ ਕੈਪਟਨ ਕਿਸਾਨਾਂ ਦੇ ਸ਼ਾਂਤੀਪੂਰਣ ਅੰਦੋਲਨ ਨੂੰ ਕੋਈ ਹੋਰ ਰੰਗਤ ਦੇਣ ਦੇ ਮਾਮਲੇ ਵਿੱਚ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ? ਉਨਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਸੁਰੱਖਿਆ ਦੇਣ ਦੀ ਬਜਾਏ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਸੁਰੱਖਿਆ ਦੇਣੀ ਚਾਹੀਦੀ ਸੀ, ਕਿਸਾਨਾਂ ਦੀਆਂ ਫਸਲਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਸੀ, ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਸੀ। ਕੈਪਟਨ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਛੱਡਕੇ ਭਾਜਪਾ ਨੂੰ ਸੁਰੱਖਿਆ ਦੇ ਰਹੇ ਹਨ ਤਾਂ ਜੋ ਭਾਜਪਾਈ ਕਿਸਾਨਾਂ ਵਿਰੁੱਧ ਖੁੱਲਕੇ ਪ੍ਰਚਾਰ ਕਰ ਸਕਣ, ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈਆਂ ਚੱਲੀਆਂ ਜਾ ਰਹੀਆਂ ਚਾਲਾਂ ਵਿੱਚ ਕਾਮਯਾਬ ਹੋ ਸਕਣ।
ਉਨਾਂ ਕਿਹਾ ਕਿ ਜਦੋਂ ਤੋਂ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕਰ ਰਹੇ ਹਨ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੁੱਤ ਮੋਹ ਦੇ ਚਲਦਿਆਂ ਹੋਇਆ ਈਡੀ ਕੇਸਾਂ ਤੋਂ ਬਚਣ ਵਾਸਤੇ ਆਪਣੇ ਕਿਸਾਨਾਂ ਨੂੰ ਭਾਜਪਾ ਦੀ ਮੋਦੀ ਸਰਕਾਰ ਕੋਲ ਵੇਚ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਕਿਸਾਨਾਂ ਵਿਰੁੱਧ ਅਪਸ਼ਬਦ ਬੋਲਣ ਵਾਲੇ, ਕੂੜ ਪ੍ਰਚਾਰ ਕਰਨ ਵਾਲੇ ਭਾਜਪਾ ਆਗੂਆਂ ਦੇ ਖਿਲਾਫ ਕੇਸ ਦਰਜ ਕਰਦੇ, ਉਲਟਾ ਕਿਸਾਨਾਂ ਨੂੰ ਧਮਕਾਉਣ ਲਈ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਜਾ ਰਹੀਆਂ ਚਾਲਾਂ ਕਦੇ ਸਫਲ ਨਹੀਂ ਹੋਣਗੀਆਂ। ਆਮ ਆਦਮੀ ਪਾਰਟੀ ਕਿਸਾਨਾਂ ਦੇ ਅੰਦੋਲਨ ਦਾ ਹਰ ਪੱਧਰ ਉੱਤੇ ਸਮਰਥਨ ਦੇਵੇਗੀ ਅਤੇ ਕਿਸਾਨ ਵਿਰੋਧੀ ਚਾਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।