ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿੱਪਣੀਆਂ ਵਿਰੁੱਧ ਤਾੜਨਾ ਕੀਤੀ ਜਿਨਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਪੈਦਾ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਸੀਮਿਤ ਰੱਖਣ ਅਤੇ ਉਨਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਜਿਨਾਂ ਬਾਰੇ ਉਨਾਂ ਨੂੰ ਜਾਂ ਤਾਂ ਥੋੜਾ-ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਨਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ।
ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਡਾ. ਪਿਆਰੇ ਲਾਲ ਗਰਗ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਉਤੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ। ਇਨਾਂ ਦੋਵਾਂ ਨੂੰ ਸਿੱਧੂ ਨੇ ਹਾਲ ਹੀ ਵਿਚ ਆਪਣੇ ਸਲਾਹਕਾਰ ਨਿਯੁਕਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮਾਲੀ ਤੇ ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨਾਂ ਉਤੇ ਲਗਾਮ ਲਾਉਣ ਲਈ ਕਿਹਾ।
ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰਾਂ ਦੇਸ਼ ਵਿਰੋਧੀ ਹੈ। ਉਨਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦੇ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ।
ਗਰਗ ਵਲੋਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੀ ਪਾਕਿਸਤਾਨ ਦੀ ਆਲੋਚਨਾ ਵਾਲੀ ਟਿੱਪਣੀ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਦੱਸੇ ਜਾਣ ਵਾਲੇ ਬਿਆਨ ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਉਨਾਂ ਕਿਹਾ ਕਿ ਇਹ ਸੱਚ ਨਾ ਸਿਰਫ ਹਰ ਪੰਜਾਬੀ ਬਲਕਿ ਹਰ ਭਾਰਤੀ ਜਾਣਦਾ ਹੈ ਕਿ ਪਾਕਿਸਤਾਨ ਸਾਡੇ ਲਈ ਹਮੇਸ਼ਾ ਖਤਰਾ ਰਿਹਾ ਹੈ। ਹਰ ਰੋਜ ਉਹ ਸਾਡੇ ਸੂਬੇ ਅਤੇ ਦੇਸ ਵਿੱਚ ਉਥਲ-ਪੁਥਲ ਜਾਂ ਅਸਥਿਰਤਾ ਫੈਲਾਉਣ ਲਈ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਵਰਗੀਆਂ ਕੋਝੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਸਮਰਥਨ ਵਾਲੀਆਂ ਤਾਕਤਾਂ ਦੇ ਹੱਥੋਂ ਜਾਨਾਂ ਗਵਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਗਰਗ ਜੋ ਰਾਜਨੀਤੀ ਤੋਂ ਪ੍ਰੇਰਿਤ ਭੜਕਾਓ ਤੇ ਗੈਰ ਜਿੰਮੇਵਾਰਨਾ ਖੁੱਲੇਆਮ ਬਿਆਨ ਦੇ ਰਹੇ ਹਨ, ਨੂੰ ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕਰਦਿਆਂ ਕਿਹਾ, “ਗਰਗ ਸ਼ਾਇਦ ਭੁੱਲ ਗਏ ਹਨ ਕਿ ਅੱਸੀਵਿਆਂ ਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਹਜਾਰਾਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਨਾ ਨਹੀਂ ਮੈਂ ਭੁੱਲਿਆ ਅਤੇ ਨਾ ਹੀ ਪੰਜਾਬ ਦੇ ਲੋਕ ਭੁੱਲੇ ਹਨ। ਪਾਕਿਸਤਾਨ ਦੇ ਖਤਰਨਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਸੀਂ ਆਪਣੀ ਲੜਾਈ ਜਾਰੀ ਰੱਖਦੇ ਹੋਏ ਹਰ ਹੀਲਾ ਵਰਤਾਂਗੇ।”
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ