ਲੁਧਿਆਣਾ, 12 ਅਕਤੂਬਰ 2022 – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹੇ ਕੈਪਟਨ ਸੰਦੀਪ ਸੰਧੂ ਵਲੋਂ ਜ਼ਮਾਨਤ ਲਈ ਦਿੱਤੀ ਅਰਜ਼ੀ ਲੁਧਿਆਣਾ ਅਦਾਲਤ ਨੇ ਰੱਦ ਕਰ ਦਿੱਤੀ ਹੈ। ਜਿਸ ਤੋਂ ਬਾਅਦ ਅੱਜ 12 ਅਕਤੂਬਰ ਨੂੰ ਕੈਪਟਨ ਸੰਧੂ ਖੁਦ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਕੈਪਟਨ ਸੰਧੂ ਦੇ ਖਿਲਾਫ ਵਿਜੀਲੈਂਸ ਨੇ ਲੁਧਿਆਣਾ ਦੇ 26 ਪਿੰਡਾਂ ਵਿਚ ਲੱਗਣ ਵਾਲੀਆਂ 65 ਲੱਖ ਦੀਆਂ ਸੋਲਰ ਲਾਈਟਾਂ ਵਿਚ ਘੋਟਾਲਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬੀਤੇ ਦਿਨ ਵਿਜੀਲੈਂਸ ਨੇ ਕੈਪਟਨ ਸੰਧੂ ਦੇ ਮੋਹਾਲੀ ਘਰ ਵਿਖੇ ਛਾਪੇਮਾਰੀ ਵੀ ਕੀਤੀ ਸੀ।
ਮੰਗਲਵਾਰ ਨੂੰ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਡਾ: ਅਜੀਤ ਅੱਤਰੀ ਨੇ ਕੈਪਟਨ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੈਪਟਨ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕਰਨੀ ਜ਼ਰੂਰੀ ਹੈ। ਵਿਜੀਲੈਂਸ ਵੱਲੋਂ ਪਿਛਲੇ ਹਫ਼ਤੇ ਇਸ ਘਪਲੇ ਵਿੱਚ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੈਪਟਨ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।