ਫਾਜ਼ਿਲਕਾ, 26 ਅਪ੍ਰੈਲ 2024 – ਫਾਜ਼ਿਲਕਾ ਦੇ ਜਲਾਲਾਬਾਦ ਫ਼ਿਰੋਜ਼ਪੁਰ ਰੋਡ ‘ਤੇ ਅਮੀਰਖਾਸ ਨੇੜੇ ਖੁਰਾਣਾ ਪੈਟਰੋਲ ਪੰਪ ‘ਤੇ ਕੈਨ ‘ਚ 10 ਹਜ਼ਾਰ ਰੁਪਏ ਦਾ ਡੀਜ਼ਲ ਲੈ ਕੇ ਪੰਪ ‘ਤੇ ਆਇਆ ਵਿਅਕਤੀ ਫ਼ਰਾਰ ਹੋ ਗਿਆ। ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਪ ਅਪਰੇਟਰ ਵਤਨਪ੍ਰੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਸਵੇਰੇ 8:45 ਵਜੇ ਦੇ ਕਰੀਬ ਇੱਕ ਅਰਟਿਗਾ ਗੱਡੀ ਫ਼ਿਰੋਜ਼ਪੁਰ ਸਾਈਡ ਤੋਂ ਆ ਕੇ ਉਸ ਦੇ ਪੰਪ ’ਤੇ ਆ ਕੇ ਰੁਕੀ ਅਤੇ ਗੱਡੀ ਵਿੱਚ ਸਵਾਰ ਵਿਅਕਤੀ ਪਹਿਲਾਂ ਗੱਡੀ ਵਿੱਚ ਰੱਖੇ ਕੈਨ ਵਿੱਚ ਡੀਜ਼ਲ ਪਾਉਂਦਾ ਹੈ।
ਜਿਸ ਤੋਂ ਬਾਅਦ ਕਾਰ ਵਿਚ 1000 ਰੁਪਏ ਦਾ ਡੀਜ਼ਲ ਪਾਇਆ ਗਿਆ ਯਾਨੀ ਕੁੱਲ 10 ਹਜ਼ਾਰ ਰੁਪਏ ਦਾ ਡੀਜ਼ਲ ਲਿਆ। ਫੇਰ ਉਸ ਨੇ ਪੰਪ ਕਰਮਚਾਰੀ ਨੂੰ ਕਾਰਡ ਦਿੱਤਾ। ਜਿਵੇਂ ਹੀ ਮੁਲਾਜ਼ਮ ਕਾਰਡ ਸਵੈਪ ਕਰਨ ਲਈ ਗਿਆ ਤਾਂ ਉਕਤ ਵਿਅਕਤੀ ਪਿੱਛਿਓਂ ਕਾਰ ਲੈ ਕੇ ਫ਼ਿਰੋਜ਼ਪੁਰ ਵੱਲ ਨੂੰ ਫਰਾਰ ਹੋ ਗਿਆ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਪਰ ਮੌਕੇ ‘ਤੇ ਪਹੁੰਚੇ ਥਾਣਾ ਅਮੀਰ ਖਾਸ ਦੇ ਇੰਚਾਰਜ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਚਲਾ ਰਹੇ ਵਿਅਕਤੀ ਦਾ ਜਲਦੀ ਹੀ ਪਤਾ ਲੱਗ ਜਾਵੇਗਾ।