ਮੋਹਾਲੀ, 8 ਅਗਸਤ 2022 – ਪੰਜਾਬ ਪੁਲਿਸ ਨੇ ਟੈਸਟ ਰਾਈਡ ਕਰਨ ਦੇ ਨਾਂ ‘ਤੇ ਚਾਕੂ ਦੀ ਨੋਕ ‘ਤੇ ਵਾਹਨ ਖੋਹਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ ਮੋਹਾਲੀ ਪੁਲਸ ਨੂੰ 112 ਨੰਬਰ ‘ਤੇ ਕਾਰ ਖੋਹਣ ਦੀ ਸ਼ਿਕਾਇਤ ਮਿਲੀ ਸੀ। 3 ਮੁਲਜ਼ਮਾਂ ਵੱਲੋਂ ਹਰਿਆਣਾ ਨੰਬਰ ਵਾਲੀ ਕਾਰ ਖੋਹ ਲਈ ਗਈ ਸੀ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਦੁਕਾਨ ’ਤੇ ਆ ਕੇ ਚਿੱਟੇ ਰੰਗ ਦੀ ਹੌਂਡਾ ਅਮੇਜ਼ ਕਾਰ ਦੀ ਟੈਸਟ ਡਰਾਈਵ ਮੰਗੀ ਸੀ। ਇਸ ਤੋਂ ਬਾਅਦ ਚਾਕੂ ਦੀ ਨੋਕ ‘ਤੇ ਕਾਰ ਭਜਾ ਕੇ ਲੈ ਗਏ। ਇਸ ਘਟਨਾ ਨੂੰ ਖਰੜ ਨੇੜੇ ਅੰਜਾਮ ਦਿੱਤਾ ਗਿਆ। ਮਾਮਲੇ ਦਾ ਸ਼ਿਕਾਇਤਕਰਤਾ ਪ੍ਰਦੀਪ ਸਿੰਘ ਵਾਸੀ ਦਸੂਹਾ, ਹੁਸ਼ਿਆਰਪੁਰ ਹੈ।
ਇਹ ਘਟਨਾ ਬੀਤੇ ਐਤਵਾਰ ਦੀ ਹੈ। ਖਰੜ ਪੁਲੀਸ ਨੇ ਆਈਪੀਸੀ ਦੀ ਧਾਰਾ 382 ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਪੁਲੀਸ ਨੇ 9 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਖੋਹੀ ਕਾਰ ਅਤੇ ਵਾਰਦਾਤ ਵਿੱਚ ਵਰਤੀ ਗਈ ਚਾਕੂ ਸਮੇਤ ਕਾਬੂ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਕੁਮਾਰ ਵਾਸੀ ਖਰੜ, ਅਭੀ ਜੋਰੀ ਵਾਸੀ ਚੰਡੀਗੜ੍ਹ ਸੈਕਟਰ 45 ਬੁੜੈਲ ਅਤੇ ਸਲਮਾਨ ਵਾਸੀ ਬੁੜੈਲ ਵਜੋਂ ਹੋਈ ਹੈ। ਪੁਲੀਸ ਅੱਜ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕਰੇਗੀ।