- ਹਾਈ ਕੋਰਟ ਨੇ 2021 ਵਿੱਚ ਲਗਾਈ ਸੀ ਪਾਬੰਦੀ
ਚੰਡੀਗੜ੍ਹ, 20 ਮਾਰਚ 2024 – ਕਰੀਬ 4 ਸਾਲ ਪੁਰਾਣੇ 5 ਲੱਖ ਰੁਪਏ ਦੇ ਰਿਸ਼ਵਤ ਕਾਂਡ ਵਿੱਚ ਚੰਡੀਗੜ੍ਹ ਪੁਲੀਸ ਦੀ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਖ਼ਿਲਾਫ਼ ਕੇਸ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲੇਗਾ। ਅਗਸਤ 2021 ਤੋਂ ਇਸ ਮਾਮਲੇ ‘ਤੇ ਸਟੇਅ ਸੀ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਣ ਇਹ ਰੋਕ ਹਟਾ ਦਿੱਤੀ ਹੈ। ਹੁਣ ਜਸਵਿੰਦਰ ਕੌਰ ਖ਼ਿਲਾਫ਼ ਸੀਬੀਆਈ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਵੇਗੀ। ਸੀਬੀਆਈ ਨੇ ਜੂਨ 2020 ਵਿੱਚ ਜਸਵਿੰਦਰ ਕੌਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਇਸ ਮਗਰੋਂ ਪੁਲੀਸ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
2021 ‘ਚ ਅਦਾਲਤ ਨੇ ਮਾਮਲੇ ਦੀ ਸੁਣਵਾਈ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਵਿਭਾਗ ਨੇ ਸਤੰਬਰ 2023 ਵਿੱਚ ਉਸ ਨੂੰ ਨੌਕਰੀ ’ਤੇ ਬਹਾਲ ਕਰ ਦਿੱਤਾ ਸੀ। ਅਦਾਲਤ ਵਿੱਚ ਪੇਸ਼ੀ ਦੌਰਾਨ ਜਸਵਿੰਦਰ ਕੌਰ ਨੇ ਸੀਬੀਆਈ ਤੋਂ ਥਾਣੇ ਦੀ ਸੀਸੀਟੀਵੀ ਫੁਟੇਜ ਅਤੇ ਆਪਣੀ ਸੀਐਫਐਸਐਲ ਰਿਪੋਰਟ ਦੀ ਮੰਗ ਕੀਤੀ ਸੀ। ਸੀਬੀਆਈ ਨੇ ਉਸ ਨੂੰ ਇਹ ਮੁਹੱਈਆ ਨਹੀਂ ਕਰਵਾਇਆ। ਇਸ ਕਾਰਨ ਹਾਈ ਕੋਰਟ ਨੇ ਕੇਸ ਦੀ ਸੁਣਵਾਈ ’ਤੇ ਰੋਕ ਲਾ ਦਿੱਤੀ ਸੀ।
ਜਸਵਿੰਦਰ ਕੌਰ 2020 ਵਿੱਚ ਮਨੀਮਾਜਰਾ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ। ਦੋਸ਼ ਹੈ ਕਿ ਉਸ ਨੇ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਗੁਰਦੀਪ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦਾ ਦੋਸ਼ ਸੀ ਕਿ ਜਸਵਿੰਦਰ ਕੌਰ ਨੇ ਕੇਸ ਦਰਜ ਨਾ ਕਰਵਾਉਣ ਦੇ ਬਦਲੇ ਉਸ ਤੋਂ 5 ਲੱਖ ਰੁਪਏ ਮੰਗੇ ਸਨ।
ਜਸਵਿੰਦਰ ਕੌਰ ਨੇ ਗੁਰਦੀਪ ਨੂੰ ਦੱਸਿਆ ਸੀ ਕਿ ਉਸ ਦੇ ਖਿਲਾਫ ਰਣਧੀਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਉਸ ਦੀ ਪਤਨੀ ਨੂੰ ਹਰਿਆਣਾ ‘ਚ ਈ.ਟੀ.ਓ. ਲਗਵਾਉਣ ਲਈ 28 ਲੱਖ ਰੁਪਏ ਲਏ ਹਨ।