ਪਟਿਆਲਾ, 19 ਸਤੰਬਰ 2023 – ਦੇਰ ਸ਼ਾਮ ਵਿਦਿਆਰਥੀਆਂ ਨੇ ਵਿਦਿਆਰਥਣ ਜਸ਼ਨਦੀਪ ਦੀ ਮੌਤ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਧਰਨਾ ਸਮਾਪਤ ਕਰ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਨਿਰਪੱਖ ਜਾਂਚ ਲਈ ਜਾਂਚ ਦੀ ਜ਼ਿੰਮੇਵਾਰੀ ਸੇਵਾਮੁਕਤ ਜੱਜ ਨੂੰ ਸੌਂਪ ਦਿੱਤੀ ਹੈ। ਵਿਦਿਆਰਥਣ ਦੀ ਮੌਤ ਦੇ ਮਾਮਲੇ ਦੇ ਮੱਦੇਨਜ਼ਰ ਮਹਿਲਾ ਮੈਂਬਰ ਡਾ: ਹਰਸ਼ਿੰਦਰ ਕੌਰ ਨੂੰ ਵੀ ਇਸ ਜਾਂਚ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਜਸ਼ਨਦੀਪ ਦੀ ਮੌਤ ਤੋਂ ਗੁੱਸੇ ‘ਚ ਆਏ ਵਿਦਿਆਰਥੀਆਂ ‘ਤੇ ਪ੍ਰੋਫੈਸਰ ਦੀ ਕੁੱਟਮਾਰ ਦਾ ਮਾਮਲਾ ਦਰਜ ਹੋਣ ‘ਤੇ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਸੀ। ਵਿਦਿਆਰਥੀਆਂ ਨੇ ਇਨਸਾਫ਼ ਨਾ ਮਿਲਣ ਤੱਕ ਗੇਟ ਬੰਦ ਰੱਖਣ ਦੀ ਚਿਤਾਵਨੀ ਵੀ ਦਿੱਤੀ ਸੀ।ਹਾਲਾਂਕਿ ਕਿ ਬਾਅਦ ‘ਚ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਮੌਕੇ ’ਤੇ ਪੁੱਜਣ ਤੋਂ ਬਾਅਦ ਗੇਟ ਖੋਲ੍ਹ ਦਿੱਤਾ ਗਿਆ।
ਇਸ ਤੋਂ ਇਲਾਵਾ ਜਾਂਚ ਰਿਪੋਰਟ 21 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਜਾਂਚ ਕਰਕੇ ਨਿਰਧਾਰਿਤ ਸਮੇਂ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਪੁਲਿਸ ਵੀ 21 ਦਿਨਾਂ ਦੇ ਅੰਦਰ ਆਪਣੀ ਜਾਂਚ ਰਿਪੋਰਟ ਦੇਵੇਗੀ। ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਦਿਆਰਥੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਜਾਂਚ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ।
ਵਿਦਿਆਰਥੀ ਜਸ਼ਨਦੀਪ ਦੀ ਮੌਤ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵਿਖਾਏ ਗਏ ਰੋਹ ਦੇ ਮੱਦੇਨਜ਼ਰ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਲੈਣ ਤੋਂ ਹਟਾ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਪ੍ਰੋ: ਸੁਰਜੀਤ ਸਿੰਘ ਦੀਆਂ ਕਲਾਸਾਂ ਹੋਰ ਪ੍ਰੋਫੈਸਰਾਂ ਨੂੰ ਦਿੱਤੀਆਂ ਗਈਆਂ ਹਨ।