ਫਿਲੌਰ, 26 ਫਰਵਰੀ 2025 – ਫਿਲੌਰ ਵਿੱਚ ਵਿਆਹ ਦੀ ਜਾਗੋ ਦੌਰਾਨ ਚੱਲੀ ਗੋਲ਼ੀ ਮਗਰੋਂ ਮਹਿਲਾ ਸਰਪੰਚ ਦੇ ਪਤੀ ਦੀ ਹੋਈ ਮੌਤ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਹਰਕਤ ਵਿੱਚ ਆ ਗਏ ਹਨ ਅਤੇ ਇਕ ਟੀਮ ਬਣਾਈ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਪਹਿਲਾਂ ਸਰਪੰਚ ਦੀ ਪਤਨੀ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਬਾਅਦ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਇਹ ਖ਼ੁਲਾਸਾ ਹੋਇਆ ਕਿ ਸਰਪੰਚ ਦੇ ਪਤੀ ਦੀ ਮੌਤ ਗੋਲ਼ੀ ਲੱਗਣ ਕਾਰਨ ਹੋਈ ਸੀ। ਇਸ ਮਾਮਲੇ ਵਿੱਚ 22 ਫਰਵਰੀ ਨੂੰ ਅਸਲਾ ਐਕਟ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਹੁਣ ਪੂਰੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਐੱਸ. ਐੱਚ. ਓ. ਗੋਰਾਇਆ ਅਤੇ ਚੌਂਕੀ ਇੰਚਾਰਜ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਘਟਨਾ ਦੌਰਾਨ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਸਰਪੰਚ ਮਹਿਲਾ ਦੇ ਪਤੀ ਪਰਮਜੀਤ ਪੰਮਾ ਨੂੰ ਹਸਪਤਾਲ ਲਿਜਾਣ ਵਾਲੇ ਲੋਕਾਂ ਅਤੇ ਅੰਤਿਮ ਸਸਕਾਰ ਦੌਰਾਨ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਪੂਰੇ ਮਾਮਲੇ ਦੀ ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਕਿਹਾ ਕਿ ਮ੍ਰਿਤਕਾਂ ਦੀਆਂ ਅਸਥੀਆਂ ਨੂੰ ਸਬੂਤ ਵਜੋਂ ਸ਼ਮਸ਼ਾਨਘਾਟ ਤੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਘਟਨਾ ਸਮੇਂ ਪਹਿਨੇ ਹੋਏ ਕੱਪੜੇ ਵੀ ਇਕੱਠੇ ਕੀਤੇ ਜਾ ਰਹੇ ਹਨ। ਐੱਸ. ਐੱਸ. ਪੀ. ਹਰਕਮਲ ਖੱਖ ਨੇ ਕਿਹਾ ਕਿ ਮ੍ਰਿਤਕ ਦੇਸਰਾਜ ਦੀ ਪਤਨੀ ਮਹਿਲਾ ਸਰਪੰਚ ਦੇ ਪਹਿਲੇ ਬਿਆਨ ਅਤੇ ਮੌਜੂਦਾ ਬਿਆਨ ਵਿੱਚ ਬਹੁਤ ਅੰਤਰ ਹੈ ਪਰ ਪੁਲਸ ਜਲਦੀ ਹੀ ਮਾਮਲਾ ਹੱਲ ਕਰ ਲਵੇਗੀ। ਫਿਲਹਾਲ ਪੁਲਸ ਨੇ ਹਰਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਦੇ ਅਮੀਰ ਘਰਾਣੇ ਦੇ ਘਰ ਚੱਲ ਰਹੇ ਵਿਆਹ ਸਮਾਗਮ ’ਚ ਭੰਗੜਾ ਪਾਉਂਦੇ ਹੋਏ ਮਹਿਲਾ ਸਰਪੰਚ ਦੇ ਪਤੀ ਪਰਮਜੀਤ ਪੰਮਾ ਦੀ ਗੋਲ਼ੀ ਲੱਗਣ ਕਾਰਨ ਹੋਈ ਮੌਤ, ਜਿਸ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ 5 ਦਿਨ ਬਾਅਦ ਘਟਨਾ ਤੋਂ ਪਰਦਾ ਉੱਠਿਆ। ਵਿਆਹ ਸਮਾਗਮ ’ਚ ਖ਼ੁਸ਼ੀ ਨਾਲ ਚਲਾਈ ਜਾ ਰਹੀ ਰਿਵਾਲਵਰ ’ਚੋਂ ਨਿਕਲੀ ਇਕ ਗੋਲ਼ੀ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਦਾ 11 ਸਾਲ ਦਾ ਬੇਟਾ ਜੋ ਪੂਰੀ ਘਟਨਾ ਦਾ ਚਸ਼ਮਦੀਦ ਗਵਾਹ ਹੈ, ਉਸ ਨੇ ਵੀ ਸਕੂਲ ’ਚ ਦੱਸਿਆ ਕਿ ਉਸ ਦੇ ਪਿਤਾ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇੰਨਾ ਵੱਡਾ ਹਾਦਸਾ ਵਾਪਰ ਜਾਣ ’ਤੇ ਪੂਰੀ ਘਟਨਾ ਤੋਂ ਪਰਦਾ ਕਿਵੇਂ ਪਾ ਦਿੱਤਾ ਗਿਆ, ਨੂੰ ਲੈ ਕੇ ਜਲੰਧਰ ਦਿਹਾਤੀ ਦੀ ਪੁਲਸ ’ਤੇ ਵੀ ਸਵਾਲ ਉੱਠਣ ਲੱਗੇ ਹਨ। ਪਿੰਡ ਵਾਸੀਆਂ ਨੇ ਪਰਮਜੀਤ ਪੰਮਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਵੀ ਕੱਢਿਆ ਅਤੇ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਸੂਚਨਾ ਮੁਤਾਬਕ ਨੇੜਲੇ ਪਿੰਡ ਚੱਕ ਦੇਸ ਰਾਜ ਦੇ ਰਹਿਣ ਵਾਲੇ ਇਕ ਅਮੀਰ ਘਰਾਣੇ ’ਚ ਵਿਆਹ ਸਮਾਗਮ ਚੱਲ ਰਿਹਾ ਸੀ। 5 ਦਿਨ ਪਹਿਲਾਂ 17 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਨੇ ਜਾਗੋ ਦਾ ਪ੍ਰੋਗਰਾਮ ਰੱਖਿਆ ਸੀ, ਜਿਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਪਰਮਜੀਤ ਪੰਮਾ ਆਪਣੇ ਪੂਰੇ ਪਰਿਵਾਰ ਸਮੇਤ ਸ਼ਾਮਲ ਹੋ ਕੇ ਖੁਸ਼ੀ ’ਚ ਭੰਗੜਾ ਪਾ ਰਿਹਾ ਸੀ।
ਜਾਗੋ ਦੇ ਪ੍ਰੋਗਰਾਮ ’ਚ ਜਿੱਥੇ ਖ਼ੁਸ਼ੀ ਵਿਚ ਸਾਰੇ ਨੱਚ-ਗਾ ਰਹੇ ਸਨ, ਉਸੇ ਪ੍ਰੋਗਰਾਮ ’ਚ ਹਿੱਸਾ ਲੈਣ ਆਇਆ ਨੇੜਲੇ ਬੜਾ ਪਿੰਡ ਦਾ ਇਕ ਨੌਜਵਾਨ ਜੋ ਰਿਟਾਇਰਡ ਸਰਕਾਰੀ ਅਧਿਕਾਰੀ ਦਾ ਮੁੰਡਾ ਦੱਸਿਆ ਜਾ ਰਿਹਾ ਹੈ, ਹਵਾ ’ਚ ਗੋਲ਼ੀਆਂ ਚਲਾ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਵਿਦੇਸ਼ ਤੋਂ ਵਿਆਹ ’ਚ ਹਿੱਸਾ ਲੈਣ ਲਈ ਆਇਆ ਸੀ। ਉਕਤ ਨੌਜਵਾਨ ਦੀ ਗੋਲੀ ਚਲਾਉਣ ਦੀ ਹਰ ਕੈਮਰਾਮੈਨ ਤੋਂ ਇਲਾਵਾ ਦੂਜੇ ਲੋਕ ਵੀ ਮੋਬਾਈਲ ਫੋਨ ’ਤੇ ਵੀਡੀਓ ਬਣਾ ਰਹੇ ਸਨ।
ਵੀਡੀਓ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਉਂ ਹੀ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਆਪਣਾ ਹੱਥ ਥੱਲੇ ਕੀਤਾ ਤਾਂ ਉਸ ਦੇ ਹੱਥੋਂ ਇਕ ਗੋਲੀ ਚਲਦੀ ਹੈ, ਜੋ ਸਿੱਧੀ ਉਸ ਦੇ ਸਾਹਮਣੇ ਭੰਗੜਾ ਪਾ ਰਹੇ ਪਰਮਜੀਤ ਪੰਮਾ ਦੇ ਦਿਲ ’ਚ ਲਗਦੀ ਹੈ। ਜਿਉਂ ਹੀ ਉਹ ਜ਼ਮੀਨ ’ਤੇ ਡਿੱਗਦਾ ਹੈ ਤਾਂ ਉਸ ਦੇ ਨਾਲ ਭੰਗੜਾ ਪਾ ਰਹੇ ਲੋਕ ਉਸ ਨੂੰ ਸੰਭਾਲਣ ਦਾ ਯਤਨ ਕਰਦੇ ਹਨ ਤਾਂ ਪਰਮਜੀਤ ਮਰਨ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਾਰਾ ਕਰ ਰਿਹਾ ਹੈ ਕਿ ਇਸ ਕਾਤਲ ਨੇ ਉਸ ਨੂੰ ਗੋਲ਼ੀ ਮਾਰੀ ਹੈ।
ਗੋਲ਼ੀ ਲੱਗਣ ਤੋਂ ਬਾਅਦ ਘਟਨਾ ਸਥਾਨ ’ਤੇ ਹੀ ਪਰਮਜੀਤ ਦੀ ਮੌਤ ਹੋ ਗਈ। ਪਰਮਜੀਤ ਦੀ ਮੌਤ ਤੋਂ ਤੁਰੰਤ ਬਾਅਦ ਕਾਤਲ ਨੂੰ ਬਚਾਉਣ ਦੇ ਯਤਨ ਸ਼ੁਰੂ ਹੋ ਗਏ। ਕਾਤਲ ਲੜਕਾ ਜੋ ਵਿਦੇਸ਼ ਤੋਂ ਆਇਆ ਦੱਸਿਆ ਜਾ ਰਿਹਾ ਹੈ, ਜੋ ਇਕ ਸਰਕਾਰੀ ਅਧਿਕਾਰੀ ਦਾ ਮੁੰਡਾ ਹੈ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਜੋ ਮੌਜੂਦ ਪਿੰਡ ਦੀ ਮਹਿਲਾ ਸਰਪੰਚ ਹੈ, ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਘਰ ਦੇ ਅੰਦਰ ਲੈ ਗਏ। ਬੈਂਡ ਵਾਜੇ ਅਤੇ ਡੀ. ਜੇ. ਸਾਰੇ ਬੰਦ ਹੋ ਗਏ ਅਤੇ ਇਹ ਅਫਵਾਹ ਫੈਲਾ ਦਿੱਤੀ ਗਈ ਕਿ ਪਰਮਜੀਤ ਦੀ ਭੰਗੜਾ ਪਾਉਂਦੇ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਸੇ ਸਮੇਂ ਮ੍ਰਿਤਕ ਦੇ ਖੂਨ ਨਾਲ ਲਿੱਬੜੇ ਕੱਪੜੇ ਵੀ ਬਦਲ ਦਿੱਤੇ ਗਏ।
ਸੂਤਰਾਂ ਮੁਤਾਬਕ ਸਮਾਗਮ ਪਿੰਡ ਦੇ ਸਭ ਤੋਂ ਅਮੀਰ ਘਰਾਣੇ ਦਾ ਸੀ ਤਾਂ ਮੋਟਾ ਲੈਣ-ਦੇਣ ਕਰਕੇ ਕਤਲ ਨੂੰ ਹਾਰਟ ਅਟੈਕ ’ਚ ਬਦਲ ਕੇ ਸਵੇਰੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਪੂਰੇ ਘਟਨਾਚੱਕਰ ’ਚ ਪੁਲਸ ਵੀ ਮੂਕ ਦਰਸ਼ਕ ਬਣੀ ਰਹੀ।
