ਲੁਧਿਆਣਾ, 26 ਮਈ 2022 – ਪੰਜਾਬ ਦੇ ਲੁਧਿਆਣਾ ਵਿੱਚ ਪੁਲੀਸ ਹਿਰਾਸਤ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਥਾਣਾ ਡਵੀਜ਼ਨ ਨੰਬਰ-5 ਵਿੱਚ ਤਾਇਨਾਤ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪਰ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਿੱਚ ਮ੍ਰਿਤਕ ਨੌਜਵਾਨ ਦੀਪਕ ਸ਼ੁਕਲਾ ਦੇ ਪਰਿਵਾਰ ਵਾਲਿਆਂ ਨੇ ਬੁੱਧਵਾਰ ਦੇਰ ਸ਼ਾਮ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ।
ਦੱਸ ਦੇਈਏ ਕਿ ਦੀਪਕ ਸ਼ੁਕਲਾ ਮਾਮਲੇ ਵਿੱਚ ਅਦਾਲਤ ਨੇ ਤਿੰਨ ਪੁਲਿਸ ਮੁਲਾਜ਼ਮਾਂ ਰਿਚਾ ਰਾਣੀ, ਏਐਸਆਈ ਜਸਕਰਨ ਸਿੰਘ ਅਤੇ ਚਰਨਜੀਤ ਸਿੰਘ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਦੀਪਕ ਸ਼ੁਕਲਾ ਦੇ ਪਰਿਵਾਰ ਨੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ।
ਮ੍ਰਿਤਕ ਦੀਪਕ ਸ਼ੁਕਲਾ ਦੇ ਪਿਤਾ ਵਿਨੋਦ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅਦਾਲਤ ਦੇ ਹੁਕਮਾਂ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਾਜ਼ਿਸ਼ ਤਹਿਤ ਇਰਾਦਾ ਕਤਲ ਨਾ ਹੋਣ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਮੁਲਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ।
ਦੀਪਕ ਦੇ ਚਾਚਾ ਰਾਕੇਸ਼ ਸ਼ੁਕਲਾ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ, ਫਿਰ ਵੀ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜੇਕਰ ਪੁਲਿਸ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਤਾਂ ਆਮ ਲੋਕਾਂ ਦੀ ਸੁਣਵਾਈ ਕਿਵੇਂ ਹੋਵੇਗੀ। ਪਰਿਵਾਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੁਲਸ ਕਮਿਸ਼ਨਰ ਸਾਡੀ ਮੰਗ ਨੂੰ ਪੂਰਾ ਕਰਨਗੇ। ਇਸ ਦੇ ਨਾਲ ਹੀ ਸੀਪੀ ਸ਼ਰਮਾ ਨੇ ਕਿਹਾ ਕਿ ਏਸੀਪੀ ਸਿਵਲ ਲਾਈਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਏਸੀਪੀ ਹਰੀਸ਼ ਬਹਿਲ ਮੁਤਾਬਕ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ। ਅਦਾਲਤ ਦੇ ਹੁਕਮਾਂ ‘ਤੇ ਕਾਰਵਾਈ ਕੀਤੀ ਜਾਵੇਗੀ।