ਢਿੱਲੋਂ ਬ੍ਰਦਰਜ਼ ਦੇ ਮਾਮਲੇ ‘ਚ ਕਾਲ ਡਿਟੇਲ ਤੋਂ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ

ਜਲੰਧਰ, 31 ਅਕਤੂਬਰ 2024 – ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ ’ਚ ਲਗਾਤਾਰ ਖ਼ੁਲਾਸੇ ਹੋ ਰਹੇ ਹਨ। ਜਸ਼ਨਦੀਪ ਸਿੰਘ ਦੇ ਮੋਬਾਇਲ ਦੀ ਕਾਲ ਡਿਟੇਲ ਅਨੁਸਾਰ ਜਿਸ ਸਮੇਂ ਜਸ਼ਨਦੀਪ ਢਿੱਲੋਂ ਨੇ ਬਿਆਸ ਦਰਿਆ ਵਿਚ ਛਾਲ ਮਾਰੀ, ਉਦੋਂ ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਛਾਲ ਮਾਰਦੇ ਸਮੇਂ ਵੀ ਮੋਬਾਇਲ ਚੱਲ ਰਿਹਾ ਸੀ। ਓਧਰ ਜੋ ਚਲਾਨ 90 ਦਿਨਾਂ ਵਿਚ ਪੇਸ਼ ਕਰਨਾ ਹੁੰਦਾ ਹੈ, ਉਹ 430 ਦਿਨ ਬੀਤ ਜਾਣ ਦੇ ਬਾਅਦ ਵੀ ਪੇਸ਼ ਨਹੀਂ ਕੀਤਾ ਗਿਆ। ਚਲਾਨ ਪੇਸ਼ ਨਾ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਪੁਲਸ ਕੋਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਕੁਝ ਵੀ ਨਹੀਂ ਹੈ। ਉਥੇ ਹੀ ਚਰਚਾ ਹੈ ਕਿ ਇਹ ਕੇਸ ਹੁਣ ਜਲੰਧਰ ਵਰਸਿਜ਼ ਕਪੂਰਥਲਾ ਪੁਲਸ ਦਾ ਬਣਦਾ ਜਾ ਰਿਹਾ ਹੈ। ਓਧਰ ਐੱਫ਼. ਆਈ. ਆਰ. ਦਰਜ ਕਰਵਾਉਣ ਵਾਲੇ ਮਾਨਵਦੀਪ ਉੱਪਲ ਨੇ ‘ਜਗ ਬਾਣੀ’ ਸਾਹਮਣੇ ਵੀ ਕੁਝ ਤੱਥ ਰੱਖੇ ਹਨ।

ਉੱਪਲ ਨੇ ਕਿਹਾ ਕਿ ਇਸ ਕੇਸ ਵਿਚ ਜਦੋਂ ਜਸ਼ਨਦੀਪ ਦੀ ਲਾਸ਼ ਮਿਲੀ ਤਾਂ ਉਹ ਸਾਰੇ ਬਹੁਤ ਪ੍ਰੇਸ਼ਾਨ ਸਨ। ਮਾਨਵਜੀਤ ਢਿੱਲੋਂ ਉਸ ਦੇ ਕਹਿਣ ’ਤੇ ਪਹਿਲੀ ਵਾਰ ਥਾਣਾ ਨੰਬਰ 1 ਵਿਚ ਗਿਆ ਸੀ, ਜਿਸ ਲਈ ਕਿਤੇ ਨਾ ਕਿਤੇ ਉਹ ਖ਼ੁਦ ਨੂੰ ਵੀ ਕਸੂਰਵਾਰ ਸਮਝ ਰਿਹਾ ਸੀ। ਉੱਪਲ ਨੇ ਕਿਹਾ ਕਿ ਦੋਵਾਂ ਭਰਾਵਾਂ ਵੱਲੋਂ ਛਾਲ ਮਾਰਨ ਤੋਂ ਬਾਅਦ ਜੋ ਸ਼ਿਕਾਇਤਾਂ ਕਪੂਰਥਲਾ ਪੁਲਸ ਨੂੰ ਦਿੱਤੀਆਂ ਗਈਆਂ, ਉਹ ਉਸ ਨੇ ਲਿਖੀਆਂ ਹੀ ਨਹੀਂ ਸਨ। ਉਸ ਨੇ ਲਿਖੀ ਲਿਖਾਈ ਸ਼ਿਕਾਇਤ ’ਤੇ ਸਿਰਫ਼ ਸਾਈਨ ਕੀਤੇ ਸਨ ਅਤੇ ਉਸ ਕੋਲ ਸ਼ਿਕਾਇਤ ਪੜ੍ਹਨ ਦਾ ਵੀ ਸਮਾਂ ਨਹੀਂ ਸੀ।

ਉੱਪਲ ਨੇ ਕਿਹਾ ਕਿ ਐੱਫ਼. ਆਈ. ਆਰ. ਦਰਜ ਕਰਵਾਉਣ ਸਮੇਂ ਵੀ ਉਸ ਦੇ ਬਿਆਨ ਨਹੀਂ ਲਏ ਗਏ ਅਤੇ ਸਿਰਫ਼ ਉਸੇ ਲਾਪਤਾ ਦੀ ਸ਼ਿਕਾਇਤ ’ਤੇ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਉਸਨੇ ਸਿਰਫ਼ ਐੱਫ਼. ਆਈ. ਆਰ. ਹੀ ਪੜ੍ਹੀ ਸੀ ਪਰ ਜਦੋਂ ਮਾਣਯੋਗ ਸੁਪਰੀਮ ਕੋਰਟ ਵਿਚ ਕੇਸ ਗਿਆ ਤਾਂ ਉਥੋਂ ਸ਼ਿਕਾਇਤਕਰਤਾ ਹੋਣ ਦੇ ਨਾਤੇ ਨਵਦੀਪ ਸਿੰਘ ਧਿਰ ਵੱਲੋਂ ਜੋ ਡਿਫੈਂਸ ਰੱਖਿਆ ਗਿਆ ਸੀ, ਉਸ ਦੀ ਇਕ ਫਾਈਲ ਉਸ ਨੂੰ ਦਿੱਤੀ ਗਈ ਸੀ, ਜੋ ਉਸ ਨੇ ਵੇਖੀ ਤਾਂ ਹੈਰਾਨ ਰਹਿ ਗਿਆ।

ਮਾਨਵ ਉੱਪਲ ਨੇ ਕਿਹਾ ਕਿ ਉਸ ਸ਼ਿਕਾਇਤ ਵਿਚ ਜੋ-ਜੋ ਗੱਲਾਂ ਰੱਖੀਆਂ ਗਈਆਂ ਸਨ, ਉਹ ਡਿਫੈਂਸ ਧਿਰ ਵੱਲੋਂ ਦਿੱਤੇ ਦਸਤਾਵੇਜ਼ ਅਤੇ ਪਰੂਫ ਵਿਚ ਗਲਤ ਸਾਬਤ ਹੋ ਰਹੀਆਂ ਸਨ, ਜਿਸ ਤੋਂ ਬਾਅਦ ਉਸ ਨੇ ਢਿੱਲੋਂ ਬ੍ਰਦਰਜ਼ ਦੇ ਪਿਤਾ ਨੂੰ ਵੀ ਵਿਖਾਇਆ ਅਤੇ ਕਿਹਾ ਸੀ ਕਿ ਇਹ ਦੋਸ਼ ਅਦਾਲਤ ਵਿਚ ਸਾਬਤ ਨਹੀਂ ਹੋਣਗੇ, ਜਿਸ ਕਾਰਨ ਸਾਰੀ ਗੱਲ ਸ਼ਿਕਾਇਤਕਰਤਾ ਹੋਣ ਕਾਰਨ ਉਸ ਦੇ ਉੱਪਰ ਆ ਸਕਦੀ ਹੈ।

ਉੱਪਲ ਨੇ ਦੱਸਿਆ ਕਿ ਇਸ ਕੇਸ ਦੀ ਪੈਰਵੀ ਲਈ ਖ਼ਰਚਾ ਤਕ ਉਹ ਨਿੱਜੀ ਤੌਰ ’ਤੇ ਕਰ ਰਿਹਾ ਹੈ ਅਤੇ ਜਦੋਂ ਉਹ ਖ਼ਰਚਾ ਮੰਗਦਾ ਤਾਂ ਉਸ ਨੂੰ ਟਾਲ-ਮਟੋਲ ਕਰ ਦਿੱਤਾ ਜਾਂਦਾ ਸੀ, ਜਿਸ ਦੇ ਉਸ ਕੋਲ ਪਰੂਫ਼ ਵੀ ਹਨ। ਉੱਪਲ ਨੇ ਕਿਹਾ ਕਿ ਉਸ ਦੀ ਲੜਾਈ ਸੱਚ ਅਤੇ ਝੂਠ ਦੀ ਹੈ।

ਲੰਬੇ ਸਮੇਂ ਤੋਂ ਉਹ ਅਦਾਲਤਾਂ ਅਤੇ ਥਾਣਿਆਂ ਦੇ ਚੱਕਰ ਲਗਾ ਰਿਹਾ ਹੈ। ਉਸ ਨੇ ਕਦੇ ਰਾਜ਼ੀਨਾਮੇ ਦੀ ਗੱਲ ਹੀ ਨਹੀਂ ਕੀਤੀ। ਉਸ ਨੇ ਸਿਰਫ਼ ਸਬੂਤਾਂ ਸਬੰਧੀ ਹੀ ਗੱਲ ਕੀਤੀ ਸੀ, ਜੋ ਗਲਤ ਸਮਝ ਲਈ ਗਈ। ਮਾਨਵਦੀਪ ਉੱਪਲ ਨੇ ਕਿਹਾ ਕਿ ਮੰਨ ਲਿਆ ਕਿ ਲਾਸ਼ ਜਸ਼ਨਬੀਰ ਦੀ ਹੀ ਹੈ ਪਰ ਜੋ ਸਬੂਤ ਡਿਫੈਂਸ ਵਿਚ ਦਿੱਤੇ ਗਏ ਹਨ, ਉਸ ਨਾਲ ਸਾਬਿਤ ਹੀ ਨਹੀਂ ਹੋ ਰਿਹਾ ਕਿ ਜਸ਼ਨਦੀਪ ਨੇ ਨਵਦੀਪ ਸਿੰਘ ਤੋਂ ਪ੍ਰੇਸ਼ਾਨ ਹੋ ਕੇ ਦਰਿਆ ਵਿਚ ਛਾਲ ਮਾਰੀ ਸੀ।

ਮਾਨਵਦੀਪ ਉੱਪਲ ਨੇ ਕਿਹਾ ਕਿ ਇਸ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਸਾਰੀ ਰਿਪੋਰਟ ਤਿਆਰ ਕਰ ਕੇ ਡੀ. ਜੀ. ਪੀ. ਆਫਿਸ ਦੇ ਚੁੱਕੀ ਹੈ ਪਰ ਕਪੂਰਥਲਾ ਪੁਲਸ ਨੇ ਇਕ ਵੀ ਜਾਣਕਾਰੀ ਉਸ ਨਾਲ ਸਾਂਝੀ ਨਹੀਂ ਕੀਤੀ। ਜੇਕਰ ਕਪੂਰਥਲਾ ਪੁਲਸ ਕੋਲ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਤੱਥ ਸਾਹਮਣੇ ਆਏ ਹਨ ਤਾਂ ਤੱਥ ਘੱਟ ਤੋਂ ਘੱਟ ਮਾਣਯੋਗ ਕੋਰਟ ਵਿਚ ਦੱਸੇ ਜਾਣ। ਉੱਪਲ ਨੇ ਦੋਸ਼ ਲਗਾਏ ਕਿ ਕਪੂਰਥਲਾ ਪੁਲਸ ਨੇ ਸ਼ੁਰੂ ਤੋਂ ਲੈ ਕੇ ਹੁਣ ਤਕ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ। ਜੇਕਰ ਲਾਪਤਾ ਦੀ ਸ਼ਿਕਾਇਤ ਮਿਲਣ ਦੇ ਬਾਅਦ ਹੀ ਜਾਂਚ ਸ਼ੁਰੂ ਕਰ ਦਿੱਤੀ ਹੁੰਦੀ ਤਾਂ ਉਸ ਨੂੰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਥਾਂ-ਥਾਂ ਧੱਕੇ ਨਾ ਖਾਣੇ ਪੈਂਦੇ।

ਇਸ ਮਾਮਲੇ ਵਿਚ ਕਪੂਰਥਲਾ ਪੁਲਸ ਕਿਤੇ ਨਾ ਕਿਤੇ ਆਪਣੇ ਮੁਲਾਜ਼ਮਾਂ ਦਾ ਬਚਾਅ ਕਰਨ ਲਈ ਹੌਲੀ ਇਨਵੈਸਟੀਗੇਸ਼ਨ ਕਰ ਰਹੀ ਹੈ। ਮਾਨਵਦੀਪ ਉੱਪਲ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਟਰਾਂਸਫ਼ਰ ਦਾ ਸਮਾਂ ਨੇੜੇ ਹੈ ਅਤੇ ਇਸ ਕੇਸ ਨੂੰ ਲੰਮਾ ਖਿੱਚਣ ਲਈ ਕਪੂਰਥਲਾ ਪੁਲਸ ਬਦਲੀ ਦੀ ਉਡੀਕ ਕਰ ਰਹੀ ਹੈ ਤਾਂ ਜੋ ਇਹ ਕੇਸ ਟਰਾਂਸਫਰ ਹੋ ਕੇ ਆਉਣ ਵਾਲੇ ਅਧਿਕਾਰੀਆਂ ’ਤੇ ਪਵੇ ਅਤੇ ਦੁਬਾਰਾ ਤੋਂ ਜਾਂਚ ਸ਼ੁਰੂ ਹੋ ਜਾਵੇ। ਉੱਪਲ ਨੇ ਕਿਹਾ ਕਿ ਕਪੂਰਥਲਾ ਪੁਲਸ ਨੂੰ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਆਪਣੀ ਜਾਂਚ ਰਿਪੋਰਟ ਅਦਾਲਤ ਵਿਚ ਪੇਸ਼ ਕਰਨੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕਪੂ੍ਰਥਲਾ ਪੁਲਸ ਦੀ ਐੱਸ. ਆਈ. ਟੀ. ਕੋਲ ਕੋਈ ਤੱਥ ਜਾਂ ਇਨਵੈਸਟੀਗੇਸ਼ਨ ਦੀ ਇਨਪੁੱਟ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਵਾਲੀ ਤੋਂ ਇੱਕ ਰਾਤ ਪਹਿਲਾਂ BSF ਨੂੰ ਵੱਡੀ ਕਾਮਯਾਬੀ: ਭਾਰਤ-ਪਾਕਿ ਸਰਹੱਦ ਤੋਂ ਫੜੇ 5 ਡਰੋਨ; ਕਰੀਬ 12 ਕਰੋੜ ਰੁਪਏ ਦੇ ਹਥਿਆਰ ਅਤੇ ਹੈਰੋਇਨ ਜ਼ਬਤ

BJP ਨੂੰ ਝਟਕਾ; ‘ਆਪ’ ‘ਚ ਸ਼ਾਮਲ ਹੋਏ ਬ੍ਰਹਮ ਸਿੰਘ ਤੰਵਰ