ਕਪੂਰਥਲਾ, 22 ਅਗਸਤ 2022 – ਪੰਜਾਬ ਦੇ ਸੁਲਤਾਨਪੁਰ ਲੋਧੀ ਖੇਤਰ ਦੇ ਪਿੰਡ ਝੱਲ ਲੀਵਾਲਾ ਦੇ 220 ਕੇਬੀ ਸਬ ਸਟੇਸ਼ਨ ਪਾਵਰ ਗਰਿੱਡ ‘ਤੇ ਤਾਇਨਾਤ ਜੇਈ ਦੁਆਰਾ ਡਿਊਟੀ ਦੌਰਾਨ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਵਿਭਾਗ ਦੇ ਐਕਸੀਅਨ ਅਤੇ ਐਸਐਸਈ ਵਿਰੁੱਧ ਕੇਸ ਦਰਜ ਕੀਤਾ ਹੈ।
ਦੱਸ ਦੇਈਏ ਕਿ ਬੀਤੀ 16 ਅਗਸਤ ਨੂੰ ਜੇ.ਈ ਤਰਸੇਮ ਲਾਲ ਨੇ ਪਿੰਡ ਝੱਲ ਲੀਵਾਲਾ ਵਿਖੇ ਡਿਊਟੀ ਦੌਰਾਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਤਰਸੇਮ ਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਜੋਗਿੰਦਰ ਸੀ.ਆਈ ਨੇ ਦੱਸਿਆ ਕਿ ਡਿਊਟੀ ਦੌਰਾਨ ਐਕਸੀਅਨ ਅਤੇ ਐੱਸਐੱਸਈ ਨੇ ਜੇਈ ਤਰਸੇਮ ਦੇ ਖਾਤੇ ਵਿੱਚ 40 ਲੱਖ ਰੁਪਏ ਦੀ ਐਂਟਰੀ ਕੀਤੀ ਸੀ। ਉਸ ਨੇ ਸਰਕਾਰੀ ਸਮਾਨ ਤਾਂ ਕੱਢ ਲਿਆ ਸੀ, ਪਰ ਉਸ ਦੀ ਵਰਤੋਂ ਨਹੀਂ ਕੀਤੀ। ਉਦੋਂ ਤੋਂ ਤਰਸੇਮ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ।
ਜੇਈ ਤਰਸੇਮ ਲਾਲ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਨੇ ਵਿਭਾਗ ਦੇ ਐਕਸੀਅਨ ਰੁਪਿੰਦਰ ਪਾਲ ਅਤੇ ਐਸਐਸਈ ਅਜੈ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।