ਚੰਡੀਗੜ੍ਹ, 9 ਨਵੰਬਰ 2023 – ਜੇਲ੍ਹ ‘ਚੋਂ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਇੱਕ ਵਾਰ ਫੇਰ ਚਰਚਾ ਦੇ ਵਿਚ ਹਨ। ਹਾਈ ਕੋਰਟ ਨੇ ਜੇਲ੍ਹ ‘ਚੋਂ ਹੋਏ ਇੰਟਰਵਿਊ ‘ਤੇ ਸਵਾਲ ਚੁੱਕਦਿਆਂ ਸੁਣਵਾਈ ਕਰਦਿਆਂ ਅੱਜ ਹੀ ਦੁਪਹਿਰੇ 2 ਵਜੇ ਤੱਕ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਹਾਈ ਕੋਰਟ ਦੇ ਡਬਲ ਬੈਂਚ ਨੇ ਸੋ-ਮੋਟੋ ਲੈਂਦਿਆਂ ਇਹ ਸੁਣਵਾਈ ਕੀਤੀ ਹੈ।
ਇਸ ਦੇ ਨਾਲ ਹੀ ਹਾਈ ਕੋਰਟ ਨੇ ਸਰਕਾਰ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਜਿਹੜੀ ਐਸ ਆਈ ਟੀ ਦੀ ਟੀਮ ਬਣਾਈ ਗਈ ਸੀ, ਉਸ ਨੇ ਅਜੇ ਤੱਕ ਇਸ ਮਾਮਲੇ ‘ਚ ਕਿੰਨੀ ਕੁ ਜਾਂਚ ਅੱਗੇ ਵਧਾਈ ਹੈ ਅਤੇ ਜਾਂਚ ਕਿੱਥੇ ਤੱਕ ਪਹੁੰਚੀ ਹੈ ਅਤੇ ਕੀ ਕਾਰਵਾਈ ਕੀਤੀ ਗਈ ਹੈ ਬਾਰੇ ਜਾਣਕਾਰੀ ਮੰਗੀ ਹੈ।
ਇਥੇ ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਪ੍ਰਾਈਵੇਟ ਚੈਨਲ ‘ਤੇ ਇੰਟਰਵਿਊ ਹੋਈ ਸੀ ਤਾਂ ਇਹ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੇ DGP ਨੇ ਸਟੇਟਮੈਂਟ ਦਿੱਤੀ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚੋਂ ਨਹੀਂ ਹੋਈ ਸੀ, ਅਜੇ ਇਹ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੱਕ ਵਾਰ ਫੇਰ ਦੂਜੀ ਇੰਟਰਵਿਊ ਆਈ, ਜਿਸ ਦਾ DGP ਨੇ ਅਜੇ ਤੱਕ ਜਵਾਬ ਨਹੀਂ ਦਿੱਤਾ।
ਪਰ ਇਥੇ ਇਹ ਗੱਲ ਖਾਸ ਕਰਕੇ ਧਿਆਨ ਦੇਣਯੋਗ ਹੈ ਕਿ ਦੋਵਾਂ ਇੰਟਰਵਿਊਆਂ ‘ਚ ਬਿਸ਼ਨੋਈ ਨੂੰ ਇੱਕ ਗਊ ਭਗਤ ਅਤੇ ਦੇਸ਼-ਭਗਤ ਦਿਖਾਉਣ ਦੀ ਕੋਸਿਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਸਵਾਲ ਇਹ ਵੀ ਉੱਠ ਰਹੇ ਸਨ ਕਿ ਇਨ੍ਹਾਂ ਇੰਟਰਵਿਊਆਂ ਨੂੰ ਕਰਵਾਉਣ ਪਿੱਛੇ ਖੁਫੀਆ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਪਰ ਇਸ ਪਿੱਛੇ ਕਿਸ ਏਜੰਸੀ ਦਾ ਹੱਥ ਹੋ ਸਕਦਾ ਹੈ ਇਹ ਜਾਂਚ ਦਾ ਵਿਸ਼ਾ ਹੈ।