ਗੁਰਦਾਸਪੁਰ 31 ਮਾਰਚ 2024 – ਸਿਟੀ ਥਾਣਾ ਗੁਰਦਾਸਪੁਰ ਵਿਖੇ ਪੰਜਾਬ ਰਾਜ ਵਨ ਵਿਕਾਸ ਨਿਗਮ ਦੇ ਪ੍ਰੋਜੈਕਟ ਅਫਸਰ ਖਿਲਾਫ 85 ਲੱਖ ਰੁਪਏ ਦੇ ਕੱਟੇ ਹੋਏ ਦਰੱਖਤਾਂ ਦੀ ਲੱਕੜੀ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਣਧੀਰ ਸਿੰਘ ਰੰਧਾਵਾ ਰੀਜਨਲ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਟ ਨਿਗਮ ਅਮ੍ਰਿਤਸਰ ਦੀ ਸ਼ਿਕਾਇਤ ਤੇ ਉਪ ਪੁਲਿਸ ਕਪਤਾਨ ਦੀ ਇਨਕੁਆਇਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਜਦੋਂ ਰੀਜਨਲ ਮੈਨੇਜਰ ਰਣਧੀਰ ਸਿੰਘ ਰੰਧਾਵਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਰਾਜ ਵਨ ਵਿਕਾਸ ਨਿਗਮ ਇੱਕ ਅਜਿਹਾ ਅਦਾਰਾ ਹੈ ਜੋ ਹਾਈਵੇ ਅਤੇ ਹੋਰ ਪ੍ਰੋਜੈਕਟਾਂ ਲਈ ਸਰਕਾਰੀ ਦਰਖਤਾਂ ਨੂੰ ਵਢਾਉਣ ਅਤੇ ਸੰਭਾਲਣ ਤੋਂ ਬਾਅਦ ਉਨਾਂ ਦੀ ਲੱਕੜੀ ਦੀ ਨਿਲਾਮੀ ਤੱਕ ਦੇ ਕੰਮ ਵਿੱਚ ਵਨ ਵਿਭਾਗ ਅਤੇ ਲੱਕੜੀ ਦੇ ਠੇਕੇਦਾਰਾਂ ਦੇ ਦਰਮਿਆਨ ਵਿਚੋਲੀਆ ਦੀ ਭੂਮਿਕਾ ਨਿਭਾਉਂਦਾ ਹੈ। ਪ੍ਰਹਿਲਾਦ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗਾਦੜੀਆਂ ਥਾਣਾ ਘੁੰਮਣ ਕਲਾਂ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮਟਿਡ ਵਿੱਚ ਬਤੌਰ ਪ੍ਰੋਜੈਕਟ ਅਫਸਰ ਗੁਰਦਾਸਪੁਰ ਵਿੱਚ ਤਾਇਨਾਤ ਸੀ।
ਚੰਡੀਗੜ੍ਹ ਤੋਂ ਆਈ ਇੱਕ ਉੱਚ ਪਧਰੀ ਅਧਿਕਾਰੀਆਂ ਦੀ ਟੀਮ ਵੱਲੋਂ ਮੁਆਇਨਾ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਵਿੱਤੀ ਸਾਲ 2019-20, 2020-21 ਅਤੇ 2021-22 ਦੋਰਾਂਨ ਠੇਕੇਦਾਰਾਂ ਨੂੰ ਨੀਲਾਮ ਕੀਤੇ ਗਏ ਲਕੜੀ ਦੇ 323 ਲਾਟ ਜੋ ਨਿਗਮ ਦੇ ਵੱਖ-ਵੱਖ ਡਿਪੂਆਂ ਗੁਰਦਾਸਪੁਰ, ਧਾਰੀਵਾਲ, ਗਗੜਭਾਨਾ ਵਿੱਚ ਰੱਖੇ ਗਏ ਸਨ ਗਾਇਬ ਹੋ ਚੁੱਕੇ ਹਨ। ਜਿਨਾਂ ਦੀ ਕੁਲ ਕੀਮਤ ਲਗਭਗ 85 ਲੱਖ ਰੁਪਏ ਬਣਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਪ੍ਰੋਜੈਕਟ ਅਫਸਰ ਪ੍ਰਹਿਲਾਦ ਸਿੰਘ ਵੱਲੋਂ ਆਪਣੀ ਤਾਇਨਾਤੀ ਦੋਰਾਂਨ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵੱਖ-ਵੱਖ ਠੇਕੇਦਾਰਾਂ ਨੂੰ ਬਿਨਾਂ ਪੇਮੈਂਟ ਪ੍ਰਾਪਤ ਕੀਤੇ ਲੱਕੜੀ ਦੇ ਇਹ ਲਾਟ ਚੁਕਵਾ ਦਿੱਤੇ ਗਏ ਹਨ ਜਿਸ ਕਾਰਨ ਮਹਿਕਮਾ ਪੰਜਾਬ ਰਾਜ ਵਣ ਵਿਕਾਸ ਲਿਮਟਿਡ ਦਾ ਕੁਲ 84 ਲੱਖ 66 ਹਜ਼ਾਰ 837 ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਰਕਮ ਪ੍ਰੋਜੈਕਟ ਅਫਸਰ ਪ੍ਰਹਿਲਾਦ ਸਿੰਘ ਵੱਲੋਂ ਨਿਗਮ ਨੂੰ ਜਮਾ ਨਹੀਂ ਕਰਵਾਈ ਜਿਸ ਕਾਰਨ ਫੜਾ ਫੜ ਕੇ ਉਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਉਸ ਦੇ ਖਿਲਾਫ ਪੁਲਿਸ ਵੱਲੋਂ ਦਫਾ 409 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।