- 26 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕਰਵਾਇਆ ਜਾਵੇਗਾ ਜਾਣੂ
ਚੰਡੀਗੜ੍ਹ, 25 ਦਸੰਬਰ 2022 –
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ 26 ਦਸੰਬਰ ਨੂੰ ਕੇਂਦਰ ਸਰਕਾਰ ਪਹਿਲੀ ਵਾਰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ’ਵੀਰ ਬਾਲ ਦਿਵਸ’ ਮਨਾਏਗੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 26 ਦਸੰਬਰ ਨੂੰ ਕੌਮੀ ਰਾਜਧਾਨੀ ਵਿਚ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਉੱਘੀਆਂ ਸ਼ਖਸੀਅਤਾਂ ਸਮਾਗਮ ਸ਼ਾਮਲ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 15 ਲੱਖ ਸਕੂਲਾਂ ਵਿਚ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਦੇ ਲੇਖ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 15 ਲੱਖ ਸਕੂਲਾਂ ਦੇ 97 ਲੱਖ ਟੀਚਰ ਅਤੇ 26 ਕਰੋੜ 44 ਲੱਖ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਿਰਸਾ ਨੇ ਕਿਹਾ ਕਿ ਦੇਸ਼ ਦੇ 7083 ਰੇਲਵੇ ਸਟੇਸ਼ਨਾਂ ਅਤੇ 137 ਹਵਾਈ ਅੱਡਿਆਂ ’ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਡਿਜੀਟਲ ਅਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ 26 ਜਨਵਰੀ ਨੂੰ ਦਿੱਤਾ ਜਾਂਦਾ ਬਹਾਦਰੀ ਐਵਾਰਡ ਦਾ ਐਲਾਨ 26 ਦਸੰਬਰ ਨੂੰ ਕੀਤਾ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ 67600 ਸੀ ਐਨ ਜੀ ਤੇ ਪੈਟਰੋਲ ਪੰਪ ਸਟੇਸ਼ਨਾਂ ’ਤੇ ਡਿਜੀਟਲ ਅਤੇ ਫਿਜ਼ੀਕਲ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਰਾਹੀਂ ਰਾਹਗੀਰਾਂ ਨੂੰ ਇਸ ਲਾਸਾਨੀ ਸ਼ਹਾਦਤ ਅਤੇ ਸ਼ਾਨਾਮੱਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ।