ਮੋਹਾਲੀ, 17 ਸਤੰਬਰ 2025 – ਪੰਜਾਬ ਲਈ ਕੇਂਦਰ ਤੋਂ ਵੱਡੀ ਰਾਹਤ ਭਰੀ ਖ਼ਬਰ ਆਈ ਹੈ, ਜਿਸ ਨਾਲ ਸੂਬਾ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਦਰਅਸਲ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਦੀ ਮਦਦ ਲਈ ਹਿਮਾਚਲ ਦੇ ਨਾਲ-ਨਾਲ ਪੰਜਾਬ ਲਈ ਵੀ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ. ਡੀ. ਆਰ. ਐੱਫ.) ਦੀ 240 ਕਰੋੜ ਰੁਪਏ ਦੀ ਐਡਵਾਂਸ ਕਿਸ਼ਤ ਜਾਰੀ ਕੀਤੀ ਹੈ। ਸੂਬੇ ‘ਚ ਹੜ੍ਹ ਦੇ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਹ ਰਕਮ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਰਕਮ ਨੂੰ ਤੁਰੰਤ ਸਬੰਧਿਤ ਸੂਬਾ ਸਰਕਾਰਾਂ ਦੇ ਖ਼ਾਤਿਆਂ ‘ਚ ਜਮ੍ਹਾਂ ਕਰਵਾਏ ਤਾਂ ਜੋ ਇਸ ਦੀ ਸਮੇਂ ਸਿਰ ਵਰਤੋਂ ਕੀਤੀ ਜਾ ਸਕੇ। ਪੰਜਾਬ ‘ਚ ਚੱਲ ਰਹੇ ਰਾਹਤ ਕਾਰਜਾਂ ‘ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਇਹ ਰਕਮ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਖੇਤੀਯੋਗ ਜ਼ਮੀਨ ‘ਚ ਸਿਲਟ ਮੁਕਤ ਕਰਨ ਲਈ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਤਹਿਤ 151 ਕਰੋੜ ਰੁਪਏ ਦਿੱਤੇ ਜਾਣ। ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਹੜ੍ਹਾਂ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਸੂਬਾ ਸਰਕਾਰ ਵਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ।

