ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਕੇਂਦਰ ਸਰਕਾਰ: ਮਾਲਵਿੰਦਰ ਕੰਗ

  • ਭਾਜਪਾ ਦੀ ਦੰਗਾ ਭੜਕਾਉਣ ਵਾਲੀ ਫ਼ੈਕਟਰੀ ਦਾ ਇੱਕ ਹਥਿਆਰ ਹੈ ਤਜਿੰਦਰਪਾਲ ਸਿੰਘ ਬੱਗਾ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 7 ਮਈ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਜਨਤਾ ਪਾਰਟੀ ਦੇ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਕਾਨੂੰਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਛੁਡਾਉਣ ਅਤੇ ਸੂਬੇ ‘ਚ ਹਿੰਸਾ ਭੜਕਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਪੰਜਾਬ ‘ਚ ਸੰਪਰਦਾਇਕ ਹਿੰਸਾ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਪੁਲੀਸ ਵਿਚਕਾਰ ਹੋਈ ਤਣਾਤਨੀ ਨੇ ਨਫ਼ਰਤ ਫ਼ੈਲਾਉਣ ਵਾਲੇ ਤਜਿੰਦਰ ਪਾਲ ਸਿੰਘ ਬੱਗਾ ਜਿਹੇ ਅਸਮਾਜਿਕ ਤੱਤਾਂ ਨੂੰ ਸੁਰੱਖਿਆ ਦੇਣ ਵਾਲੀ ਭਾਜਪਾ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਬੇਨਿਕਾਬ ਕਰ ਦਿੱਤਾ ਹੈ। ਭਾਜਪਾ ਵੱਲੋਂ ਅਜਿਹੇ ਅਪਰਾਧੀ ਦੀ ਮਦਦ ਕਰਨਾ ਬੇਹੱਦ ਸ਼ਰਮਨਾਕ ਹੈ। ਕੰਗ ਨੇ ਕਿਹਾ ਕਿ ਬੱਗਾ ਦੇ ਖਿਲਾਫ਼ ਪਹਿਲਾਂ ਤੋਂ ਹੀ ਦੇਸ਼ ਦੇ ਕਈ ਸੂਬਿਆਂ ਵਿੱਚ ਮਾੜੀ ਬੋਲੀ ਬੋਲਣ, ਦੰਗੇ ਭੜਕਾਉਣ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਜਿਹੇ ਕਈ ਕੇਸ ਦਰਜ ਹਨ। ਪੰਜਾਬ ਵਿੱਚ ਵੀ ਉਸ ਖ਼ਿਲਾਫ਼ ਵਿਧਾਨ ਸਭਾ ਚੋਣਾ ਦੌਰਾਨ ਸੰਪਰਦਾਇਕ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਐਫ਼.ਆਈ.ਆਰ ਦਰਜ ਕੀਤੀ ਗਈ ਸੀ।

‘ਆਪ’ ਆਗੂ ਨੇ ਅੱਗੇ ਕਿਹਾ ਕਿ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲੀਸ ਨੇ ਨਿਯਮਾਂ ਅਨੁਸਾਰ ਪੂਰੀ ਕਾਰਵਾਈ ਕੀਤੀ ਹੈ। ਪੰਜਾਬ ਪੁਲੀਸ ਨੇ ਬੱਗਾ ਦੇ ਘਰ 5 ਵਾਰ ਨੋਟਿਸ ਭੇਜਿਆ ਸੀ। ਜਦੋਂ ਬੱਗਾ ਵੱਲੋਂ ਪੰਜੇ ਨੋਟਿਸਾਂ ਵਿੱਚੋਂ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ ਤਾਂ ਪੰਜਾਬ ਪੁਲੀਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਾ ਕਦਮ ਚੁੱਕਿਆ।
ਕੰਗ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਪੁਲੀਸ ਅਤੇ ਪ੍ਰਸ਼ਾਸਨ ਦੋਵਾਂ ਨੂੰ ਆਪਣੇ ਇਸ਼ਾਰੇ ‘ਤੇ ਨਚਾ ਰਹੀ ਹੈ। ਗ੍ਰਹਿ ਮੰਤਰੀ ਦੇ ਕਹਿਣ ‘ਤੇ ਹੀ ਦਿੱਲੀ ਅਤੇ ਹਰਿਆਣਾ ਪੁਲੀਸ ਬੱਗਾ ਨੂੰ ਜਬਰਦਸਤੀ ਪੰਜਾਬ ਪੁਲੀਸ ਕੋਲੋਂ ਛੁਡਾ ਕੇ ਲੈ ਗਈ। ਐਨਾ ਹੀ ਨਹੀਂ ਸਥਾਨਕ ਦਿੱਲੀ ਪੁਲੀਸ ਨੂੰ ਸੂਚਨਾ ਦੇਣ ਗਏ ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਨੂੰ ਵੀ ਦਿੱਲੀ ਦੇ ਜਨਕਪੁਰੀ ਪੁਲੀਸ ਥਾਣੇ ਵਿਚ ਹਿਰਾਸਤ ‘ਚ ਰੱਖਿਆ ਗਿਆ।

ਇਸੇ ਤਰ੍ਹਾਂ ਖੱਟਰ ਸਰਕਾਰ ਅਤੇ ਹਰਿਆਣਾ ਪੁਲੀਸ ਨੇ ਵੀ ਪੰਜਾਬ ਪੁਲੀਸ ਦੇ ਕੰਮਕਾਜ ‘ਚ ਅਸੰਵਿਧਾਨਿਕ ਰੂਪ ਨਾਲ ਦਖ਼ਲਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦੀ ਦਖ਼ਲਅੰਦਾਜ਼ੀ ਕਰਨ ਅਤੇ ਭਾਜਪਾ ਨੂੰ ਸਬਕ ਸਿਖਾਉਣ ਲਈ ਪੰਜਾਬ ਸਰਕਾਰ ਵੱਲੋਂ ਮਾਣਯੋਗ ਹਾਈਕੋਰਟ ‘ਚ ਅਪੀਲ ਦਾਖ਼ਲ ਕੀਤੀ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਸੰਵਿਧਾਨ ਅਤੇ ਅਦਾਲਤ ‘ਤੇ ਪੂਰਾ ਭਰੋਸਾ ਹੈ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਘਟਨਾ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਕਾਂਗਰਸ ਉਸੇ ਤਜਿੰਦਰਪਾਲ ਬੱਗਾ ਦਾ ਸਾਥ ਦੇ ਰਹੀ ਹੈ, ਜਿਸ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ‘ਬਾਰ ਡਾਂਸਰ’ ਕਹਿ ਕੇ ਸੰਬੋਧਨ ਕੀਤਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਗਾ ਦੀ ਅਗਵਾਈ ‘ਚ CM ਕੇਜਰੀਵਾਲ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ, ਭਾਰੀ ਫੋਰਸ ਤੈਨਾਤ

ਅਕਾਲੀ ਦਲ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ 9 ਮਈ ਨੁੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇਗਾ