ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ, ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ, 7 ਮਈ 2024 – ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 7 ਮਈ, 2024 ਨੂੰ ਜਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 14 ਮਈ, 2024 (ਮੰਗਲਵਾਰ) ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ (ਬੁੱਧਵਾਰ) ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬ ਸਮੇਤ ਦੇਸ਼ ਵਿੱਚ ਪਈਆਂ ਵੋਟਾਂ ਦੀ ਗਿਣਤੀ 4 ਜੂਨ, 2024 (ਮੰਗਲਵਾਰ) ਨੂੰ ਕੀਤੀ ਜਾਵੇਗੀ। ਚੋਣਾਂ ਦੇ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।

ਸਿਬਿਨ ਸੀ ਨੇ ਦੱਸਿਆ ਕਿ 7 ਮਈ 2024 ਤੋਂ 14 ਮਈ, 2024 ਤੱਕ ਜਨਤਕ ਛੁੱਟੀ ਤੋਂ ਇਲਾਵਾ ਬਾਕੀ ਸਾਰੇ ਨਿਰਧਾਰਤ ਦਿਨਾਂ ਦੌਰਾਨ ਹਲਕਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਰਿਟਰਨਿੰਗ ਅਫ਼ਸਰਾਂ ਕੋਲ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀ ਪੱਤਰ ਫਾਰਮ 21 ਵਿੱਚ ਭਰੇ ਜਾਣੇ ਹਨ। ਜ਼ਿਕਰਯੋਗ ਹੈ ਕਿ ਖਾਲੀ ਫਾਰਮ ਸਬੰਧਤ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਮੁੱਖ ਚੋਣ ਦਫਤਰ ਦੀ ਵੈੱਬਸਾਈਟ (https://www.ceopunjab.gov.in) ‘ਤੇ ਦਰਸਾਏ ਗਏ ਨਿਰਧਾਰਤ ਫਾਰਮੈਟ ਵਿੱਚ ਹੋਣ।

ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੈਅੰਤੀ (10 ਮਈ, 2024) ਵਾਲੇ ਦਿਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਨਹੀਂ ਹੈ। ਇਸ ਲਈ 10 ਮਈ, 2024 ਨੂੰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਭਰੇ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 11 ਮਈ, 2024 ਨੂੰ ਦੂਜਾ ਸ਼ਨੀਵਾਰ ਅਤੇ 12 ਮਈ, 2024 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਹੋਵੇਗੀ। ਇਸ ਲਈ ਇਨ੍ਹਾਂ ਦੋਵੇਂ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੀ ਮਿਤੀ 16 ਮਾਰਚ, 2024 ਤੋਂ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਜੋ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਅਰਥਾਤ 06.06.2024 ਤੱਕ ਲਾਗੂ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ: ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਮਰਥਨ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ: 11 ਰਾਜਾਂ ਦੀਆਂ 93 ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ