- ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਹੋਣਗੇ ਨਤਮਸਤਕ
ਚੰਡੀਗੜ੍ਹ, 31 ਦਸੰਬਰ 2020 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨਵ-ਨਿਯੁਕਤ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨਵੇਂ ਸਾਲ ਮੌਕੇ 2 ਰੋਜ਼ਾ ਪੰਜਾਬ ਦੌਰੇ ਉੱਤੇ ਆ ਰਹੇ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਸਕੱਤਰ ਗਗਨਦੀਪ ਚੱਢਾ, ਮਾਝਾ ਜੁਆਇੰਟ ਸਕੱਤਰ ਅਸੋਕ ਤਲਵਾਰ ਅਤੇ ਮਾਝਾ ਜੁਆਇੰਟ ਸਕੱਤਰ ਬਲਜੀਤ ਖਹਿਰਾ ਨੇ ਦੱਸਿਆ ਕਿ ਪਹਿਲੀ ਜਨਵਰੀ ਨੂੰ ਸਹਿ ਇੰਚਾਰਜ ਰਾਘਵ ਚੱਢਾ ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਪੁੱਜਕੇ ਸਭ ਤੋਂ ਪਹਿਲਾਂ 11.30 ਵਜੇ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣਗੇ ਅਤੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਗੇ।
ਸ੍ਰੀ ਹਰਿਮੰਦਰ ਸਾਹਿਬ ਵਿੱਖੇ ਪੰਜਾਬ, ਪੰਜਾਬੀਅਤ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਨਗੇ। ਇਸ ਤੋਂ ਪਿੱਛੋਂ ਰਾਘਵ ਚੱਢਾ ਸ਼੍ਰੀ ਦੁਰਗਿਆਣਾ ਮੰਦਰ ਵਿੱਚ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਾਥਨਾ ਕਰਨਗੇ।
‘ਆਪ’ ਆਗੂਆਂ ਨੇ ਕਿਹਾ ਕਿ ਪਹਿਲੇ ਦਿਨ ਦੇ ਦੌਰੇ ਦੌਰਾਨ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਮਾਂਝੇ ਖੇਤਰ ਦੇ ਪਾਰਟੀ ਆਗੂਆਂ, ਸੂਬਾ ਆਗੂਆਂ ਅਤੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਉੱਤੇ ਵਿਚਾਰ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਲੋਟੂ ਕਾਂਗਰਸੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਲਈ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਤੋਂ ਬਿਨਾਂ ਫਰਵਰੀ ਮਹੀਨੇ ਵਿਚ ਆ ਰਿਹਾਂ ਸ਼ਹਿਰੀ ਚੋਣਾਂ ਸਬੰਧੀ ਵੀ ਰਣਨੀਤੀ ਘੜੀ ਜਾਵੇਗੀ।
ਆਪ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕ ਮੌਜੂਦਾ ਰਾਜਸੀ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਵਰਗੇ ਨੌਜਵਾਨ ਅਤੇ ਪੜ੍ਹੇ ਲਿਖੇ ਆਗੂ ਨੂੰ ਪੰਜਾਬ ਦਾ ਸਹਿ ਇੰਚਾਰਜ ਲਗਾਉਣ ਨਾਲ ਸੂਬੇ ਦੇ ਨੌਜਵਾਨ ਸਮੇਤ ਸਾਰੇ ਵਰਗ ਪਾਰਟੀ ਨਾਲ ਜੁਡਨਗੇ। ਆਪ ਆਗੂਆਂ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਬਾਰੇ ਵਿਚਾਰ ਵਟਾਂਦਰੇ ਕਰਨ ਉਪਰੰਤ ਅਗਲੀ ਰਣਨੀਤੀ ਨੂੰ ਅਮਲੀ ਰੂਪ ਲਾਗੂ ਕਰਨ ਸਬੰਧੀ ਵੀ ਨਿਰਣੇ ਲਏ ਜਾਣਗੇ।